CM ਖੱਟੜ ਨੇ ਵਿਆਹ ਨਾ ਕਰਵਾਉਣ ਸਬੰਧੀ ਕੀਤਾ ਖ਼ੁਲਾਸਾ, ਐਂਕਰ ਨੂੰ ਪੁੱਛਿਆ ਕੀ ਯੋਗੀ ਨੂੰ ਵੀ ਕੀਤਾ ਇਹ ਸਵਾਲ

ਨਵੀਂ ਦਿੱਲੀ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵਿਆਹ ਨਾ ਕਰਵਾਉਣ ਸਬੰਧੀ ਵੱਡਾ ਖ਼ੁਲਾਸਾ ਕੀਤਾ ਹੈ। ਇਕ ਟੀ. ਵੀ. ਚੈਨਲ ਦੇ ਪ੍ਰੋਗਰਾਮ ਵਿਚ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਵਿਆਹ ਕਿਉਂ ਨਹੀਂ ਕਰਵਾਇਆ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਠਹਾਕਾ ਲਾਉਂਦੇ ਹੋਏ ਐਂਕਰ ਨੂੰ ਪੁੱਛਿਆ ਕਿ ਕੀ ਤੁਸੀਂ ਇਹ ਸਵਾਲ ਯੋਗੀ ਜੀ ਨੂੰ ਵੀ ਪੁੱਛਿਆ ਹੈ? ਜਵਾਬ ’ਚ ਐਂਕਰ ਨੇ ਕਿਹਾ ਕਿ ਮੈਂ ਤਾਂ ਯੋਗੀ ਜੀ ਹੀ ਨਹੀਂ, ਪੀ. ਐੱਮ. ਮੋਦੀ ਜੀ ਨੂੰ ਵੀ ਇਹੀ ਸਵਾਲ ਪੁੱਛਣ ਦੀ ਇੱਛਾ ਰੱਖਦਾ ਹਾਂ। ਇਸ ’ਤੇ ਖੱਟੜ ਨੇ ਕਿਹਾ ਕਿ ਇਹ ਤਾਂ ਉਹ ਹੀ ਦੱਸ ਸਕਦੇ ਹਨ। ਹਰਿਆਣਾ ਦੇ ਸੀ. ਐੱਮ. ਨੇ ਆਪਣੇ ਬਾਰੇ ਖੁਲਾਸਾ ਕਰਦੇ ਹੋਏ ਕਿਹਾ ਕਿ 1980 ਵਿਚ ਜਦੋਂ ਉਹ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪ੍ਰਚਾਰਕ ਬਣੇ ਤਾਂ ਉਨ੍ਹਾਂ ਦੇ ਮਨ ਵਿਚ ਵਿਚਾਰ ਆਇਆ ਕਿ ਦੇਸ਼ ਅਤੇ ਸਮਾਜ ਦੀ ਤਰੱਕੀ ਲਈ ਉਨ੍ਹਾਂ ਨੂੰ ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਉਨ੍ਹਾਂ ਵਿਆਹ ਨਾ ਕਰਵਾਉਣ ਦਾ ਫ਼ੈਸਲਾ ਕੀਤਾ।
ਜੀਵਨ ਸੰਘਰਸ਼ ਦੀਆਂ ਦੱਸੀਆਂ ਇਹ ਗੱਲਾਂ
ਆਪਣੇ ਜੀਵਨ ਸੰਘਰਸ਼ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਰ ਖੇਤਰ ਵਿਚ ਕੰਮ ਕੀਤਾ ਹੈ ਅਤੇ ਆਦਮੀ ਨੂੰ ਹਰ ਕੰਮ ਆਉਣਾ ਚਾਹੀਦਾ ਹੈ। ਖੱਟੜ ਕਹਿੰਦੇ ਹਨ ਕਿ ਪੜ੍ਹਾਈ ਦੌਰਾਨ ਉਨ੍ਹਾਂ ਨੇ ਆਪਣੇ ਪਿਤਾ ਦਾ ਖੇਤੀਬਾੜੀ ਵਿਚ ਹੱਥ ਵੰਡਾਇਆ, ਦੁਕਾਨਦਾਰੀ ਕੀਤੀ ਅਤੇ ਫੈਕਟਰੀ ਵੀ ਖੋਲ੍ਹੀ, ਜਿਸ ਨੂੰ ਬਾਅਦ ’ਚ ਆਪਣੇ ਭਰਾ ਨੂੰ ਸੌਂਪ ਦਿੱਤਾ। ਇਹੀ ਨਹੀਂ, ਉਹ ਇਕ ਕਾਰਪੋਰੇਟ ਕੰਪਨੀ ਵਿਚ ਵਿੱਤ ਨਿਰਦੇਸ਼ਕ ਵੀ ਰਹੇ। ਹਰਿਆਣਾ ਵਿਚ ਪਰਿਵਾਰ ਨੂੰ ਯੂਨਿਟ ਬਣਾ ਕੇ ਕੀਤੇ ਜਾ ਰਹੇ ਸਰਵੇ ਬਾਰੇ ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਰਕਾਰ ਇਹ ਪਤਾ ਲਾਉਣਾ ਚਾਹੁੰਦੀ ਹੈ ਕਿ ਪਰਿਵਾਰ ਵਿਚ ਕਿੰਨੇ ਮੈਂਬਰ ਹਨ। ਉਨ੍ਹਾਂ ਵਿਚੋਂ ਕਿੰਨਿਆਂ ਦਾ ਰੁਜ਼ਗਾਰ ਕਿਵੇਂ ਚੱਲਦਾ ਹੈ। ਕਿੰਨੇ ਲੋਕ ਪਰਿਵਾਰ ਵਿਚ ਪੜ੍ਹੇ-ਲਿਖੇ ਹਨ। ਜਦੋਂ ਤਕ ਪੂਰੇ ਸੂਬੇ ਦੇ ਪਰਿਵਾਰਾਂ ਦੀ ਜਾਣਕਾਰੀ ਨਹੀਂ ਹੋਵੇਗੀ ਤਾਂ ਰਾਜ ਕਿਵੇਂ ਚੱਲੇਗਾ।