ਸਹਾਰਨਪੁਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ’ਚ ਕਾਨੂੰਨ ਦਾ ਰਾਜ ਸਥਾਪਤ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਰਾਜ ਦੀ ਯੋਗੀ ਆਦਿਤਿਆਨਾਥ ਸਰਕਾਰ ਨੇ ਸੂਬੇ ਨੂੰ ਦੰਗਾ ਮੁਕਤ ਬਣਾਇਆ ਹੈ। ਸ਼ਾਹ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ‘ਏਅਰ ਸਟ੍ਰਾਈਕ’ ਅਤੇ ‘ਸਰਜੀਕਲ ਸਟ੍ਰਾਈਕ’ ਕਰ ਕੇ ਪਾਕਿਸਤਾਨ ਦੇ ਘਰ ’ਚ ਵੜ ਕੇ ਜਵਾਬ ਦਿੱਤਾ। ਉਸ ਤੋਂ ਬਾਅਦ ਦੁਨੀਆ ਭਰ ’ਚ ਸੁਨੇਹਾ ਗਿਆ ਹੈ ਕਿ ਭਾਰਤ ਦੀਆਂ ਸਰਹੱਦਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਰਾਜ ’ਚ ਉੱਤਰ ਪ੍ਰਦੇਸ਼ ’ਚ ਮਾਫੀਆ ਰਾਜ ਸੀ ਅਤੇ ਅੱਜ ਯੂ. ਪੀ. ’ਚ ਕਾਨੂੰਨ ਦਾ ਰਾਜ ਹੈ।
ਸ਼ਾਹ ਨੇ ਸਹਾਰਨਪੁਰ ਦੇ ਬੇਹਟ ’ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਹਾਜ਼ਰੀ ’ਚ ਮਾਂ ਸ਼ਾਕੁੰਭਰੀ ਦੇਵੀ ਯੂਨੀਵਰਸਿਟੀ ਦਾ ਨੀਂਹ-ਪੱਥਰ ਰੱਖਣ ਤੋਂ ਬਾਅਦ ਕਿਹਾ ਕਿ ਇਕ ਜ਼ਮਾਨਾ ਸੀ, ਜਦੋਂ ਪੱਛਮ ਵਾਲਾ ਉੱਤਰ ਪ੍ਰਦੇਸ਼ ’ਚ ਦੰਗੇ ਹੁੰਦੇ ਸਨ। ਨੌਜਵਾਨ ਮਾਰੇ ਜਾਂਦੇ ਸਨ। ਕਈ ਦਿਨਾਂ ਤੱਕ ਕਰਫਿਊ ਰਹਿੰਦਾ ਸੀ ਅਤੇ ਇਕ ਤਰਫਾ ਮੁਕੱਦਮੇ ਦਰਜ ਕਰਨ ਦੀ ਨੀਅਤ ਹੁੰਦੀ ਸੀ। ਅੱਜ ਉੱਤਰ ਪ੍ਰਦੇਸ਼ ਨੂੰ ਦੰਗਿਆਂ ਤੋਂ ਬਾਹਰ ਕੱਢਣ ਦਾ ਕੰਮ ਭਾਜਪਾ ਸਰਕਾਰ ਨੇ ਕੀਤਾ ਹੈ।