ਨਵੀਂ ਦਿੱਲੀ – ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ “ਜੋਖ਼ਮ ਵਾਲੇ” ਦੇਸ਼ਾਂ ਤੋਂ ਪੁੱਜੇ ਛੇ ਹੋਰ ਯਾਤਰੀ ਵੀਰਵਾਰ ਨੂੰ ਜਾਂਚ ਵਿੱਚ ਕੋਰੋਨਾ ਪਾਜ਼ੇਟਿਵ ਪਾਏ ਗਏ। ਇਨ੍ਹਾਂ ਵਿਚੋਂ ਇੱਕ ਯਾਤਰੀ ਹਾਲ ਹੀ ਵਿੱਚ ਦੱਖਣੀ ਅਫਰੀਕਾ ਦੀ ਯਾਤਰਾ ਵੀ ਕਰ ਚੁੱਕਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਲੱਗਭੱਗ 12 ਵਜੇ ਏਅਰ ਫ਼ਰਾਂਸ ਦੀ ਉਡਾਣ ਤੋਂ ਆਏ 243 ਲੋਕਾਂ ਵਿੱਚੋਂ ਤਿੰਨ ਜਾਂਚ ਵਿੱਚ ਪਾਜ਼ੇਟਿਵ ਪਾਏ ਗਏ। ਅਧਿਕਾਰੀ ਨੇ ਦੱਸਿਆ ਕਿ ਲੰਡਨ ਤੋਂ ਆਏ ਦੋ ਲੋਕ ਵੀ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਅਧਿਕਾਰੀ ਮੁਤਾਬਕ, ਇੱਕ ਹੋਰ ਮੁਸਾਫਰ ਦੱਖਣੀ ਅਫਰੀਕਾ ਦੇ ਜੋਹਾਨਿਸਬਰਗ ਵਿੱਚ ਕਰੀਬ ਹਫਤੇ ਭਰ ਰਿਹਾ ਅਤੇ ਤੰਜਾਨੀਆ ਤੋਂ ਦੋਹਾ ਗਿਆ ਅਤੇ ਫਿਰ ਉੱਥੋਂ ਦਿੱਲੀ ਆਇਆ।
ਇਹ ਯਾਤਰੀ ਵੀ ਪੀੜਤ ਪਾਇਆ ਗਿਆ ਹੈ। ਵਾਇਰਸ ਦਾ ਨਵਾਂ ਸਵਰੂਪ ‘ਓਮੀਕਰੋਨ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਵਿੱਚ ਹੀ ਸਾਹਮਣੇ ਆਇਆ ਹੈ। ਇਨ੍ਹਾਂ 6 ਯਾਤਰੀਆਂ ਦੇ ਨਮੂਨਿਆਂ ਨੂੰ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਕੋਲ ਇਹ ਪਤਾ ਕਰਨ ਲਈ ਭੇਜਿਆ ਗਿਆ ਹੈ ਕਿ ਕੀ ਇਹ ਇਨਫੈਕਸ਼ਨ ਕੋਰੋਨਾ ਵਾਇਰਸ ਦੇ ਨਵੇਂ ਸਵਰੂਪ ‘ਓਮੀਕਰੋਨ ਦਾ ਹੈ ਜਾਂ ਨਹੀਂ। ਵਾਇਰਸ ਦੇ ਇਸ ਸਵਰੂਪ ਨੂੰ ਵਿਸ਼ਵ ਸਿਹਤ ਸੰਗਠਨ ਨੇ ‘ਚਿੰਤਾਜਨਕ ਕਿਸਮ’ ਘੋਸ਼ਿਤ ਕੀਤਾ ਹੈ। ਮੰਗਲਵਾਰ ਦੀ ਰਾਤ ਦੇਸ਼ ਵਿੱਚ ਅੰਤਰਰਾਸ਼ਟਰੀ ਯਾਤਰੀਆਂ ਲਈ ਸਖ਼ਤ ਨਿਯਮ ਲਾਗੂ ਹੋਣ ਤੋਂ ਬਾਅਦ ਤੋਂ “ਜੋਖ਼ਮ ਵਾਲੇ” ਦੇਸ਼ਾਂ ਤੋਂ ਆਏ ਹੁਣ ਤੱਕ ਕੁਲ 10 ਲੋਕ ਜਾਂਚ ਵਿੱਚ ਪੀੜਤ ਪਾਏ ਗਏ ਹਨ। ਇਨ੍ਹਾਂ ਸਾਰੇ ਪੀੜਤਾਂ ਨੂੰ ਲੋਕ ਨਾਇਕ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ ਜਿੱਥੇ ਅਜਿਹੇ ਮਰੀਜ਼ਾਂ ਦੇ ਇਲਾਜ ਦੇ ਵਾਸਤੇ ਇੱਕ ਵੱਖਰਾ ਵਾਰਡ ਬਣਾਇਆ ਗਿਆ ਹੈ। ਕੇਂਦਰ ਅਨੁਸਾਰ, ਜੋਖ਼ਮ ਵਾਲੇ ਦੇਸ਼ਾਂ ਵਿੱਚ ਬ੍ਰਿਟੇਨ, ਦੱਖਣੀ ਅਫਰੀਕਾ, ਬ੍ਜ਼ੀਲ, ਬੋਤਸਵਾਨਾ, ਚੀਨ, ਮਾਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਸਿੰਗਾਪੁਰ, ਹਾਂਗਕਾਂਗ ਅਤੇ ਇਜ਼ਰਾਈਲ ਖ਼ਤਰੇ ਵਿੱਚ ਹਨ।