ਜਲੰਧਰ- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿਰਸਾ ਦੇ ਭਾਜਪਾ ਵਿਚ ਜਾਣ ਨੂੰ ਦਰੁਸਤ ਠਹਿਰਾਉਣ ’ਤੇ ਕੁਝ ਵਿਰੋਧੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਦਾ ਸਖਤ ਨੋਟਿਸ ਲੈਦਿਆਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿਰਫ਼ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਭਾਸ਼ਾ ਬੋਲਣ ਤੋਂ ਗੁਰੇਜ਼ ਕਰਨ। ਉਹ ਇਹ ਵੀ ਸਪੱਸ਼ਟ ਕਰਨ ਕਿ ਕਿਹੜੇ ਲੋਕ ਸਿਰਸਾ ਨੂੰ ਭਾਜਪਾ ’ਚ ਭੇਜਣ ਲਈ ਜ਼ਿੰਮੇਵਾਰ ਹਨ।
ਜਾਰੀ ਇਕ ਬਿਆਨ ਰਾਹੀਂ ਸਰਨਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਿਰਪੱਖ ਤੇ ਪੰਥਕ ਆਵਾਜ਼ਾਂ ਆਉਣੀਆਂ ਚਾਹੀਦੀਆਂ ਹਨ, ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਸ ਦੀ ਪੁਸ਼ਤਪਨਾਹੀ ਹੀ ਨਹੀਂ ਕਰ ਰਹੇ ਸਗੋਂ ਨਨਕਾਣਾ ਸਾਹਿਬ ਪਾਲਕੀ ਭੇਜਣ ਦੇ ਨਾਂ ’ਤੇ ਸੰਗਤਾਂ ਕੋਲੋਂ ਕਰੋੜਾਂ ਰੂਪਏ ਠੱਗਣ ਤੇ ਕਈ ਕਿਲੋ ਸੋਨਾ ਹਜ਼ਮ ਕਰਨ ਵਾਲੇ ਦੀ ਹਮਾਇਤ ਵੀ ਕਰ ਰਹੇ ਹਨ। ਜਿਹੜੀ ਮਾਇਆ ਸੰਗਤਾਂ ਕੋਲੋਂ ਇਕੱਠੀ ਕੀਤੀ ਸੀ ਉਸ ਵਿਸਥਾਰ ਰੂਪ ਵਿਚ ਜਾਣਕਾਰੀ ਦੇਣ ਲਈ ਜਥੇਦਾਰ ਨੇ ਸਿਰਸਾ ਨੂੰ ਸੰਗਤਾਂ ਦੀ ਜਾਣਕਾਰੀ ਲਈ ਦਿੱਲੀ ਕਮੇਟੀ ਦੇ ਦਫ਼ਤਰ ਦੇ ਬਾਹਰ ਤੇ ਹੋਰ ਦਿੱਲੀ ਵਿਚ ਸਿੱਖ ਆਬਾਦੀ ਵਾਲੇ ਇਲਾਕਿਆਂ ਵਿਚ ਲਗਾਉਣ ਦੇ ਆਦੇਸ਼ ਦਿੱਤੇ ਸਨ ਪਰ, ਇਹ ਆਦੇਸ਼ ਅੱਜ ਤੱਕ ਲਾਗੂ ਨਹੀਂ ਹੋਏ। ਉਨ੍ਹਾਂ ਕਿਹਾ ਕਿ ਜਨਵਰੀ 2020 ਵਿਚ ਜਦੋਂ ਦਿੱਲੀ ਕਮੇਟੀ ਦੇ ਤੱਤਕਾਲੀਨ ਪ੍ਰਧਾਨਾਂ ਤੇ ਸਾਬਕਾ ਪ੍ਰਧਾਨਾਂ ਦੀ ਮੀਟਿੰਗ ਬੁਲਾ ਕੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਸੀ ਕਿ ਦਿੱਲੀ ਕਮੇਟੀ ਦੇ ਖਾਤਿਆਂ ਦੀ ਇਕ ਹਫ਼ਤੇ ਵਿਚ ਕਮੇਟੀ ਬਣਾ ਕੇ ਪਿਛਲੇ 20 ਸਾਲਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਕਮੇਟੀ ਦੋ ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਦੇਵੇਗੀ ਪਰ ਅੱਜ ਤੱਕ ਕਰੀਬ ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਨਾ ਕਮੇਟੀ ਬਣੀ ਅਤੇ ਨਾ ਹੀ ਜਾਂਚ ਹੋਈ ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿਰਸਾ ਨੂੰ ਭਾਜਪਾ ਆਗੂ ਕਹਿ ਰਹੇ ਸਨ ਕਿ ਜਾਂ ਉਹ ਭਾਜਪਾ ਵਿਚ ਆ ਜਾਣ ਜਾਂ ਫਿਰ ਜੇਲ ਜਾਣ ਦੀ ਤਿਆਰੀ ਕਰ ਲੈਣ। ਸਿਰਸਾ ਨੇ ਵੀ ਜੇਲ ਦੀ ਬਜਾਏ ਭਾਜਪਾ ਵਿਚ ਜਾਣਾ ਹੀ ਠੀਕ ਸਮਝਿਆ। ਸਰਨਾ ਨੇ ਕਿਹਾ ਕਿ ਜੇਕਰ ਸਿਰਸਾ ਵਾਕਈ ਹੀ ਗੁਰੂ ਦਾ ਸਿੱਖ ਹੈ ਤੇ ਉਸ ਨੇ ਕੋਈ ਗਲਤ ਕੰਮ ਨਹੀਂ ਕੀਤਾ ਤਾਂ ਫਿਰ ਉਸ ਨੂੰ ਜੇਲ ਜਾਣ ਤੋਂ ਡਰਨ ਦੀ ਕੀ ਲੋੜ ਸੀ? ਕੀ ਅੱਜ ਸਿੱਖ ਆਗੂਆਂ ਦਾ ਕਿਰਦਾਰ ਅਜਿਹਾ ਹੀ ਹੈ? ਉਨ੍ਹਾਂ ਕਿਹਾ ਕਿ ਸਿਰਸਾ ਨੇ ਗੁਰੂ ਦਾ ਲੜ ਛੱਡ ਦਿੱਤਾ ਜਾਂ ਫਿਰ ਗੁਰੂ ’ਤੇ ਵਿਸ਼ਵਾਸ਼ ਨਹੀਂ ਰਿਹਾ ਸੀ। ਜਥੇਦਾਰ ਜੀ ਸੰਗਤਾਂ ਨੂੰ ਇਹ ਵੀ ਦੱਸਣ ਦੀ ਕਿਰਪਾਲਤਾ ਕਰਨ ਕਿ ਕੀ ਅੱਜ ਸ਼੍ਰੋਮਣੀ ਸਿੱਖ ਸੰਸਥਾਵਾਂ ਦੇ ਪ੍ਰਧਾਨ ਜੇਲਾਂ ਤੋਂ ਡਰ ਕੇ ਆਪਣਾ ਕਰਮ ਭੁੱਲ ਗਏ ਹਨ? ਜਥੇਦਾਰ ਵੱਲੋਂ ਇਹ ਕਹਿਣਾ ਕਿ ਆਪਣੇ-ਆਪ ਨੂੰ ਸਿੱਖ ਅਖਵਾਉਣ ਵਾਲੇ ਕੁਝ ਆਗੂ ਵੀ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਅਜਿਹੀ ਗਰਾਊਂਡ ਤਿਆਰ ਕੀਤੀ ਪਰ ਜਥੇਦਾਰ ਜੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਅਤੇ ਸਪੱਸ਼ਟ ਨਾਂ ਲੈ ਕੇ ਦੱਸਣ ਕਿ ਉਹ ਕਿਹੜੇ ਆਗੂ ਹਨ? ਨਾਲ ਇਹ ਵੀ ਸਪੱਸ਼ਟ ਕਰ ਦੇਣ ਕਿ ਜਿਹੜਾ ਆਗੂ ਗੁਰੂ ਦੀ ਗੋਲਕ ਨੂੰ ਲੁੱਟ ਰਿਹਾ ਹੈ ਉਸ ਨੂੰ ਖੁੱਲੀ ਛੁੱਟੀ ਦੇ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਹ ਅਪੀਲ ਕਰਦੇ ਹਨ ਕਿ ਗੁਰੂ ਦੇ ਭੈਅ ਵਿਚ ਰਹਿਣ ਵਾਲੇ ਸਿੱਖ ਨੂੰ ਕਿਸੇ ਦਾ ਕੋਈ ਡਰ ਨਹੀਂ ਹੁੰਦਾ ਤੇ ਅਜਿਹੇ ਆਗੂਆਂ ਦੀ ਹਮਾਇਤ ਕਰ ਕੇ ਉਹ ਮਜ਼ਾਕ ਦੇ ਪਾਤਰ ਨਾ ਬਨਣ।