ਮਨਜਿੰਦਰ ਸਿੰਘ ਸਿਰਸਾ ਦੀ ‘ਰਿਵਰਸ ਸਵਿੰਗ’ ’ਚ ਉਲਝੇ ਅਕਾਲੀ, ਚੋਟੀ ਦੇ ਸਿੱਖ ਆਗੂ ਹੋਏ ‘ਬੋਲਡ’

ਨਵੀਂ ਦਿੱਲੀ– ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਦਿੱਲੀ ਵਿਚ ਪਾਰਟੀ ਦੇ ਸਭ ਤੋਂ ਪ੍ਰਮੁੱਖ ਸਿੱਖ ਚਿਹਰਾ ਮਨਜਿੰਦਰ ਸਿੰਘ ਸਿਰਸਾ ਦੀ ਗੁਗਲੀ ਵਿਚ ਸਭ ਬੋਲਡ ਹੋ ਗਏ ਹਨ। ਖੁਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਕ ਨੂੰ ਉਨ੍ਹਾਂ ਭਿਣਕ ਨਹੀਂ ਲੱਗਣ ਦਿੱਤੀ ਅਤੇ ਇਕ ਘੰਟੇ ਅੰਦਰ ਹੀ ਅਜਿਹੀ ਛਾਲ ਮਾਰੀ ਕਿ ਹਰ ਕੋਈ ਹੈਰਾਨ ਰਹਿ ਗਿਆ। ਸਿਰਸਾ ਦੇ ਇਸ ਕਦਮ ਨਾਲ ਪਾਰਟੀ ਦੇ ਨੇਤਾ ਤਾਂ ਹੈਰਾਨ ਹਨ ਹੀ, ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਸਮਝਣ ਦਾ ਮੌਕਾ ਨਹੀਂ ਮਿਲਿਆ।
ਦਿੱਲੀ ਦੀ ਸਿੱਖ ਸਿਆਸਤ ਵਿਚ ਛਤਰਰਾਜ ਕਾਇਮ ਕਰਨ ਵਾਲੇ ਸਿਰਸਾ ਨੇ ਸਭ ਨੂੰ ਹੈਰਾਨ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਦਿੱਲੀ ਗੁਰਦੁਆਰਾ ਕਮੇਟੀ ਦੇ ਕਾਰਜਵਾਹਕ ਪ੍ਰਧਾਨ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇਣ ਦਾ ਐਲਾਨ ਕਰਨ ਤੋਂ ਠੀਕ ਇਕ ਘੰਟੇ ਅੰਦਰ ਹੀ ਸਿਰਸਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਹੈੱਡਕੁਆਰਟਰ ਵਿਖੇ ਪੁੱਜੇ ਅਤੇ ਭਾਜਪਾ ਦੀ ਮੁੱਢਲੀ ਮੈਂਬਰੀ ਹਾਸਲ ਕੀਤੀ। ਇਹ ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਕਮੇਟੀ ਦੇ ਮੈਂਬਰਾਂ ਅਤੇ ਪਾਰਟੀ ਹਾਈਕਮਾਨ ਤੱਕ ਨੂੰ ਇਸ ਦੀ ਭਿਣਕ ਨਹੀਂ ਲੱਗੀ ਕਿ ਸਿਰਸਾ ਪਾਰਟੀ ਨੂੰ ਛੱਡ ਰਹੇ ਹਨ।
ਸਿਰਸਾ ਨੇ ਜਦੋਂ ਆਪਣਾ ਅਸਤੀਫਾ ਦੇਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ, ਉਦੋਂ ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀਆਂ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਕਾਰਨ ਗੁਰਦੁਆਰਾ ਕਮੇਟੀ ਦੇ ਰੋਜ਼ਾਨਾ ਦੇ ਕੰਮ ਵਿਚ ਰੁਕਾਵਟ ਆ ਰਹੀ ਸੀ। ਇਸ ਲਈ ਉਹ ਨਿੱਜੀ ਕਾਰਨਾਂ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਉਹ ਕਮੇਟੀ ਦੀਆਂ ਅੰਦਰੂਨੀ ਚੋਣਾਂ ਵਿਚ ਵੀ ਹਿੱਸਾ ਨਹੀਂ ਲੈਣਗੇ। ਉਦੋਂ ਤੱਕ ਇਹੀ ਲੱਗਾ ਕਿ ਸਿਰਸਾ ਅਕਾਲੀ ਦਲ ਵਿਚ ਹੀ ਰਹਿਣਗੇ ਅਤੇ ਦਿੱਲੀ ਦੀ ਬਜਾਏ ਪੰਜਾਬ ਦੀ ਸਿਆਸਤ ਕਰਨਗੇ। ਅਚਾਨਕ ਭਾਜਪਾ ਵਿਚ ਸ਼ਾਮਲ ਹੋਣ ਪਿੱਛੋਂ ਸਭ ਨੂੰ ਪਤਾ ਲੱਗਾ ਕਿ ਸਿਰਸਾ ਨੇ ਜੋ ਦਾਅ ਖੇਡਿਆ ਸੀ, ਉਸ ਨੂੰ ਉਨ੍ਹਾਂ ਦੀ ਪਾਰਟੀ ਦੇ ਲੋਕ ਤਾਂ ਕੀ, ਵਿਰੋਧੀ ਵੀ ਨਹੀਂ ਸਮਝ ਸਕੇ।
ਦਿੱਲੀ ਵਿਚ ਨਗਰ ਨਿਗਮ ਦੀਆਂ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਨੂੰ ਸਿੱਖ ਚਿਹਰੇ ਵਜੋਂ ਮਨਜਿੰਦਰ ਸਿੰਘ ਸਿਰਸਾ ਦਾ ਮਿਲਣਾ ਇਕ ਵੱਡੀ ਸਫਲਤਾ ਵਜੋਂ ਵੇਖਿਆ ਜਾ ਰਿਹਾ ਹੈ। ਨਾਲ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਸਿਰਸਾ ਨੂੰ ਪੰਜਾਬ ਭੇਜ ਕੇ ਅਸੈਂਬਲੀ ਚੋਣਾਂ ਵਿਚ ਨਵਾਂ ਦਾਅ ਖੇਡ ਸਕਦੀ ਹੈ। ਅਜੇ ਤੱਕ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਭਾਜਪਾ ਦਾ ਗੱਠਜੋੜ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਨਾਲ ਹੋਵੇਗਾ ਪਰ ਹੁਣ ਲੱਗਦਾ ਹੈ ਕਿ ਭਾਜਪਾ ਦੇ ਚੋਟੀ ਦੇ ਆਗੂਆਂ ਦੇ ਮਨ ਵਿਚ ਕੁਝ ਹੋਰ ਹੀ ਚੱਲ ਰਿਹਾ ਹੈ। ਇਸੇ ਲਈ ਪੰਥਕ ਅਤੇ ਜੱਟ ਸਿੱਖ ਚਿਹਰੇ ਵਜੋਂ ਸਿਰਸਾ ਨੂੰ ਪ੍ਰਮੁੱਖਤਾ ਨਾਲ ਅੱਗੇ ਕੀਤਾ ਗਿਆ ਹੈ।
ਭਾਜਪਾ ਦੀ ਕੇਂਦਰੀ ਲੀਡਰਸ਼ਿਪ ਸਿਰਸਾ ਨੂੰ ਲੈ ਰਹੀ ਹੈ ਹੱਥੋਂ-ਹੱਥੀਂ
ਬੁੱਧਵਾਰ ਦੀ ਸ਼ਾਮ ਨੂੰ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਸ਼ਾਮਲ ਹੋਣ ਸਮੇਂ 2 ਸੀਨੀਅਰ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਗਜੇਂਦਰ ਸਿੰਘ ਸ਼ੇਖਾਵਤ ਮੌਜੂਦ ਸਨ। ਤੁਰੰਤ ਬਾਅਦ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਿਰਸਾ ਦੀ ਅਗਵਾਈ ਕੀਤੀ। ਇਨ੍ਹਾਂ ਘਟਨਾਵਾਂ ਤੋਂ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਸਿਰਸਾ ਨੂੰ ਹੱਥੋਂ-ਹੱਥੀਂ ਲੈ ਰਹੀ ਹੈ।
ਕਿਸਾਨ ਅੰਦੋਲਨ ਦੌਰਾਨ ਦਿੱਲੀ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਸਿਰਸਾ ਨੇ 26 ਜਨਵਰੀ ਦੇ ਲਾਲ ਕਿਲਾ ਕਾਂਡ ਮਾਮਲੇ ਵਿਚ ਗ੍ਰਿਫ਼ਤਾਰ ਹੋਏ ਕਿਸਾਨਾਂ ਦੀ ਜ਼ਮਾਨਤ ਕਰਵਾਈ ਸੀ ਅਤੇ ਨਾਲ ਹੀ ਕਿਸਾਨਾਂ ਦੇ ਹੱਕ ਵਿਚ ਤਰਾਈ ਦੇ ਇਲਾਕੇ ਵਾਲੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਉਹ ਕਾਫੀ ਸਰਗਰਮ ਰਹੇ ਸਨ। ਇਸੇ ਲਈ ਪੰਜਾਬ ਸਮੇਤ ਯੂ. ਪੀ. ਅਤੇ ਉੱਤਰਾਖੰਡ ਵਿਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੇ ਨਾਲ ਹੀ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿਚ ਭਾਜਪਾ ਨੂੰ ਇਕ ਪੰਥਕ ਚਿਹਰੇ ਵਜੋਂ ਸਿਰਸਾ ਤੋਂ ਬਹੁਤ ਉਮੀਦ ਰਹੇਗੀ।
ਦਿੱਲੀ ਦੀਆਂ ਵਿਰੋਧੀ ਸਿੱਖ ਪਾਰਟੀਆਂ ਨੂੰ ਵੀ ਵੱਡਾ ਝਟਕਾ
ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਤੋਂ ਮਨਜਿੰਦਰ ਸਿੰਘ ਸਿਰਸਾ ਨੂੰ ਹਟਾਉਣ ਲਈ ਜ਼ੋਰ-ਸ਼ੋਰ ਨਾਲ ਲੱਗੀਆਂ ਹੋਈਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਅਤੇ ਜਾਗੋ ਪਾਰਟੀ ਨੂੰ ਵੀ ਸਿਰਸਾ ਦੇ ਭਾਜਪਾ ਵਿਚ ਜਾਣ ਨਾਲ ਵੱਡਾ ਝਟਕਾ ਲੱਗਾ ਹੈ। ਦੋਵੇਂ ਪਾਰਟੀਆਂ ਸਿਰਸਾ ਨੂੰ ਹਟਾਉਣ ਲਈ ਕੇਂਦਰ ਸਰਕਾਰ ਨੂੰ ਬੇਨਤੀ ਕਰ ਚੁੱਕੀਆਂ ਸਨ ਪਰ ਹੁਣ ਸਿਰਸਾ ਨੇ ਸਿੱਖ ਸਿਆਸਤ ਦੀ ਖੇਡ ਹੀ ਬਦਲ ਦਿੱਤੀ ਹੈ। ਮੰਨਿਆ ਜਾ ਰਿਹਾ ਸੀ ਕਿ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੌਰਾਨ ਭਾਜਪਾ ਨੇ ਖੁੱਲ੍ਹ ਕੇ ਦੋਵਾਂ ਪਾਰਟੀਆਂ ਦੀ ਅੰਦਰਖਾਤੇ ਮਦਦ ਕੀਤੀ ਸੀ। ਇਹ ਵੀ ਮੰਨਿਆ ਜਾ ਰਿਹਾ ਸੀ ਕਿ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿਚ ਸਿੱਖਾਂ ਦੇ ਕੋਟੇ ਦੇ ਨਾਂ ’ਤੇ ਦੋਵਾਂ ਪਾਰਟੀਆਂ ਨੂੰ ਕੁਝ ਟਿਕਟਾਂ ਮਿਲ ਸਕਦੀਆਂ ਸਨ। ਅਕਾਲੀ ਦਲ ਨੂੰ ਪਹਿਲਾਂ 8 ਸੀਟਾਂ ਨਿਗਮ ਦੀਆਂ ਚੋਣਾਂ ਵਿਚ ਮਿਲਦੀਆਂ ਸਨ।
ਇਹ ਮੰਨਿਆ ਜਾ ਰਿਹਾ ਸੀ ਕਿ ਇਹ ਸੀਟਾਂ ਇਸ ਵਾਰ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਮਿਲ ਸਕਦੀਆਂ ਸਨ ਪਰ ਸਿਰਸਾ ਦੇ ਅਚਾਨਕ ਭਾਜਪਾ ਵਿਚ ਸ਼ਾਮਲ ਹੋਣ ਕਾਰਨ ਇਨ੍ਹਾਂ ਪਾਰਟੀਆਂ ਲਈ ਵੀ ਭਾਜਪਾ ਕੋਟੇ ਦੀਆਂ ਸੀਟਾਂ ਲੈਣੀਆਂ ਔਖੀਆਂ ਹੋ ਗਈਆਂ ਹਨ। ਹੁਣ ਇਹ ਵੇਖਣਾ ਹੋਵੇਗਾ ਕਿ ਮੌਜੂਦਾ ਕੌਂਸਲਰ ਪਰਮਜੀਤ ਸਿੰਘ ਰਾਣਾ, ਅਮਰਜੀਤ ਸਿੰਘ ਪੱਪੂ ਤੇ ਹਰਮੀਤ ਕਾਲੜਾ ਦੀ ਪਤਨੀ ਮਨਪ੍ਰੀਤ ਕੌਰ ਵਰਗੇ ਆਗੂ ਕਿਸ ਤਰ੍ਹਾਂ ਅਗਲੀ ਟਿਕਟ ਲੈਂਦੇ ਹਨ। ਕੁਲਵੰਤ ਸਿੰਘ ਬਾਠ ਦੀ ਪਤਨੀ ਗੁਰਜੀਤ ਕੌਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਚੁੱਕੀ ਹੈ।