ਇੱਕ ਪੁਰਾਣੀ ਯੂਨਾਨੀ (Greek) ਕਹਾਵਤ ਹੈ, ”ਜਿਨ੍ਹਾਂ ਲੋਕਾਂ ਨੂੰ ਰੱਬਾਂ ਨੇ ਤਬਾਹ ਕਰਨਾ ਹੁੰਦੈ, ਉਹ ਪਹਿਲਾਂ ਉਨ੍ਹਾਂ ਦੇ ਦਿਮਾਗ਼ ਖ਼ਰਾਬ ਕਰਦੇ ਨੇ।”ਸੰਸਕ੍ਰਿਤ ਦਾ ਸ਼ਲੋਕ ਵੀ ਤਾਂ ਇਹੋ ਕਹਿੰਦੈ, ”ਵਿਨਾਸ਼ ਕਾਲੇ ਵਿਪਰੀਤ ਬੁੱਧੀ।”ਕਿਸੇ ਨੂੰ ਵੀ ਇਹ ਨਹੀਂ ਪਤਾ ਕਿ ਕਿਸ ਯੂਨਾਨੀ ਮਹਾਨੁਭਾਵ ਨੇ ਇਸ ਕਥਨ ਨੂੰ ਸ਼ਬਦ ਪ੍ਰਦਾਨ ਕੀਤੇ ਸਨ, ਪਰ ਅੱਜ ਵੀ ਅਸੀਂ ਇਸ ਦੇ ਅਰਥ ਨੂੰ ਭਲੀ ਪ੍ਰਕਾਰ ਸਮਝ ਸਕਦੇ ਹਾਂ। ਫ਼ਿਰ ਵੀ, ਸਵਾਲ ਤਾਂ ਇਹ ਪੈਦਾ ਹੁੰਦੈ ਕਿ ਕੀ ਰੱਬ ਸੱਚਮੁੱਚ ਕਿਸੇ ਨੂੰ, ਕਦੇ ਵੀ, ਤਬਾਹ ਕਰਨਾ ਚਾਹੁੰਦੇ ਹੋਣਗੇ? ਅਤੇ ਜੇ ਉਨ੍ਹਾਂ ਨੇ ਤਬਾਹ ਹੀ ਕਰਨਾ ਹੈ ਤਾਂ ਫ਼ਿਰ ਦਿਮਾਗ਼ ਕਿਉਂ ਖ਼ਰਾਬ ਕਰਨੇ? ਜਦੋਂ ਅਸੀਂ ਇਸ ਗੱਲ ਨੂੰ ਵਿਚਾਰਦੇ ਹਾਂ ਕਿ ਬਹੁਤੇ ਲੋਕਾਂ ਦੀਆਂ ਜ਼ਿੰਦਗੀਆਂ ਪਹਿਲਾਂ ਹੀ ਕਿੰਨੀਆਂ ਕਠਿਨ, ਸਖ਼ਤ ਅਤੇ ਦੁਖਾਂ ਭਰੀਆਂ ਹਨ ਤਾਂ ਇਹ ਕਲਪਨਾ ਕਰਨੀ ਵਧੇਰੇ ਸੌਖੀ ਹੋ ਜਾਂਦੀ ਹੈ ਕਿ ਦੇਵੀਆਂ-ਦੇਵਤਿਆਂ ਪਾਸ ਸਾਡੇ ਵਰਗੇ ਨਾਸ਼ਵਾਨਾਂ ‘ਤੇ ਤਸ਼ੱਦਦ ਕਰਨ ਦਾ ਸਭ ਤੋਂ ਵਧੀਆ ਢੰਗ ਤਾਂ ਹੋਣਾ ਚਾਹੀਦਾ ਸੀ ਕਿ ਉਹ ਸਾਨੂੰ ਇਹ ਯਕੀਨ ਦਿਵਾਉਂਦੇ ਕਿ ਅਸੀਂ ਦਿਮਾਗ਼ੀ ਤੌਰ ‘ਤੇ ਪੂਰੀ ਤਰ੍ਹਾਂ ਸਿਹਤਮੰਦ ਅਤੇ ਸੰਤੁਲਿਤ ਹਾਂ। ਇਸ ਵਕਤ ਕੋਈ ਪਾਗਲ ਪੰਤੀ ਆਪਣੇ ਪੂਰੇ ਜੋਬਨ ‘ਤੇ ਹੈ। ਤਬਾਹੀ ਲਿਆਉਣ ਦੀ ਬਜਾਏ, ਪਰ, ਉਹ ਇੱਕ ਸੱਚੀ ਨਵੀਂ ਉਮੀਦ ਜਗਾ ਰਹੀ ਹੈ।

ਯੂਨਾਨੀ (Greek) ਦੰਦਕਥਾਵਾਂ ਅਨੁਸਾਰ, ਇੱਕ ਵਾਰ ਦੀ ਗੱਲ ਹੈ ਕਿ ਐਟਲਸ ਨਾਮ ਦਾ ਇੱਕ ਬੰਦਾ ਸੀ ਜਿਹੜਾ ਪੂਰੀ ਧਰਤੀ ਨੂੰ ਆਪਣੇ ਮੋਢਿਆਂ ‘ਤੇ ਚੁੱਕੀ ਫ਼ਿਰਦਾ ਸੀ। ਜੇਕਰ ਲੋਕ ਇਹ ਸੋਚਦੇ ਨੇ ਕਿ ਉਸ ਦਾ ਕੰਮ ਬਹੁਤ ਜ਼ਿਆਦਾ ਜ਼ਿੰਮੇਵਾਰੀ ਵਾਲਾ ਸੀ ਤਾਂ ਜੇਕਰ ਉਨ੍ਹਾਂ ਨੂੰ ਕੇਵਲ ਉਨ੍ਹਾਂ ਸਭ ਚੀਜ਼ਾਂ ਅਤੇ ਵਿਅਕਤੀਆਂ ਬਾਰੇ ਪਤਾ ਹੁੰਦਾ ਜਿਨ੍ਹਾਂ ਦੀ ਦੇਖਭਾਲ ਤੁਸੀਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ‘ਚ ਬਿਨਾ ਕਿਸੇ ਢਿੱਲਮੱਠ ਦੇ ਨਿਰੰਤਰ ਕਰਦੇ ਹੋ ਤਾਂ ਉਹ ਇਸ ਗੱਲੋਂ ਪ੍ਰਭਾਵਿਤ ਹੋਏ ਬਿਨਾਂ ਵੀ ਰਹਿ ਨਹੀਂ ਸੀ ਸਕਦੇ। ਕਿਸੇ ਦਿਨ ਜੇਕਰ ਤੁਸੀਂ ਆਪਣੇ ਫ਼ਰਜ਼ ਭੁਲਾ ਦਿੱਤੇ ਤਾਂ ਬਹੁਤ ਸਾਰੇ ਜੀਵਨ ਕਸ਼ਟ ਭੋਗਣਗੇ, ਅਤੇ ਢੇਰਾਂ ਯੋਜਨਾਵਾਂ ਧਰੀਆਂ ਧਰਾਈਆਂ ਰਹਿ ਜਾਣਗੀਆਂ। ਜਾਂ ਤੁਸੀਂ ਅਜਿਹਾ ਸੋਚਦੇ ਹੋ। ਇਸ ਵਕਤ, ਤੁਸੀਂ ਕਿਸੇ ਅਜਿਹੇ ਬੋਝ ਨੂੰ ਮੋਢਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਜਿਸ ਦਾ ਵਜ਼ਨ ਤੁਹਾਥੋਂ ਝੱਲ ਨਹੀਂ ਹੋਣਾ। ਤੁਹਾਨੂੰ ਕਿਸੇ ਹੋਰ ਦੀ ਤਾਕਤ ਦਾ ਥੋੜ੍ਹਾ ਸਹਾਰਾ ਲੈ ਹੀ ਲੈਣਾ ਚਾਹੀਦੈ।

ਕਈ ਵਾਰ, ਬਹੁਤ ਕੁਛ ਕਹਿਣ ਨਾਲੋਂ ਕੁੱਝ ਵੀ ਨਾ ਕਹਿਣਾ ਬਿਹਤਰ ਹੁੰਦੈ। ਲੋਕਾਂ ਨੂੰ ਆਪਣੇ ਵਿਸ਼ਵਾਸਾਂ ਅਤੇ ਵਿਚਾਰਾਂ ਨਾਲ ਸਹਿਮਤ ਕਰਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ‘ਚ, ਅਸੀਂ ਦੂਜਿਆਂ ਨੂੰ ਗੁੱਸਾ ਚੜ੍ਹਾਉਣ ਜਾਂ ਉਨ੍ਹਾਂ ਨੂੰ ਖ਼ੌਫ਼ਜ਼ਦਾ ਕਰਨ ਜਾਂ ਖਿੱਝ ਦਿਵਾਉਣ ਦਾ ਖ਼ਤਰਾ ਮੁੱਲ ਲੈਂਦੇ ਹਾਂ। ਇਸ ਵਕਤ ਤੁਸੀਂ ਬਹੁਤ ਉਤਸੁਕ ਹੋ ਕਿ ਕੋਈ ਵਿਅਕਤੀ ਕਿਸੇ ਅਹਿਮ ਵਿਸ਼ੇ ਨੂੰ ਤੁਹਾਡੇ ਨਜ਼ਰੀਏ ਤੋਂ ਦੇਖੇ। ਪਰ ਤੁਸੀਂ ਜ਼ਬਰਦਸਤੀ ਅਜਿਹਾ ਨਹੀਂ ਕਰਵਾ ਸਕਦੇ। ਇੰਨੇ ਕੁ ਨਿਸ਼ਚਿੰਤ ਹੋ ਜਾਓ ਕਿ ਤੁਸੀਂ ਉਨ੍ਹਾਂ ਨੂੰ ਕਿਸੇ ਗ਼ਲਤ ਰਸਤੇ ‘ਤੇ ਭਟਕਣਾ ਸ਼ੁਰੂ ਕਰਨ ਦਾ ਇੱਕ ਮੌਕਾ ਦੇ ਸਕੋ। ਅੰਤ ਨੂੰ, ਜੇ ਤੁਸੀਂ ਪ੍ਰੇਮਮਈ, ਵਿਸ਼ਵਾਸੀ, ਰਹਿਮਦਿਲ ਅਤੇ ਧੀਰਜਵਾਨ ਹੋਏ ਤਾਂ ਉਹ ਵੀ ਤੁਹਾਡੇ ਖ਼ਿਆਲਾਤ ਨੂੰ ਪ੍ਰਵਾਨ ਕਰਨ ਦਾ ਮਹੱਤਵ ਜ਼ਰੂਰ ਸਮਝ ਜਾਣਗੇ।

ਅੰਗ੍ਰੇਜ਼ੀ ਦੀ ਇੱਕ ਪੁਰਾਣੀ ਅਖਾਣ ਹੈ, ”The road to hell is paved with good intentions, ”ਜਿਸ ਦਾ ਸ਼ਾਬਦਿਕ ਤਰਜਮਾ ਹੈ, ”ਨਰਕ ਨੂੰ ਜਾਂਦਾ ਰਾਹ ਚੰਗੇ ਇਰਾਦਿਆਂ ਦੇ ਪੱਥਰਾਂ ਨਾਲ ਬਣਿਆ ਹੁੰਦੈ। ਯਕੀਨਨ, ਜੇਕਰ ਅਸੀਂ ਬੁਰਾ ਮਹਿਸੂਸ ਕਰਨਾ ਚਾਹੀਏ ਤਾਂ ਸਾਡੇ ਇਰਾਦੇ ਵੀ ਬੁਰੇ ਹੋਣੇ ਚਾਹੀਦੇ ਨੇ! ਜ਼ਰੂਰ ਨਹੀਂ। ਸਭ ਤੋਂ ਭੈੜਾ ਨਰਕ ਹਮੇਸ਼ਾ ਉਹ ਹੁੰਦੈ ਜਿਸ ਅੰਦਰ ਅਸੀਂ ਗ਼ਲਤੀ ਨਾਲ ਦਾਖ਼ਲ ਹੋ ਜਾਂਦੇ ਹਾਂ। ਕਲਪਨਾ ਕਰੋ ਤੁਸੀਂ ਕੋਈ ਸੱਚਮੁੱਚ ਦਾ ਸਾਕਾਰਾਤਮਕ ਕਾਰਜ ਸਰਅੰਜਾਮ ਦੇ ਰਹੇ ਹੋ, ਪਰ ਅੰਤ ਨੂੰ ਉਸ ਦਾ ਨਤੀਜਾ ਸਿਰਫ਼ ਨਾਕਾਰਾਤਮਕਤਾ ‘ਚ ਹੀ ਨਿਕਲਦੈ। ਚੰਗੇ ਇਰਾਦੇ ਸਵਰਗ ਤਕ ਵੀ ਲਿਜਾ ਸਕਦੇ ਨੇ। ਪਰ ਜਿਹੜਾ ਸੀਮੈਂਟ ਚੰਗੇ ਇਰਾਦਿਆਂ ਦੇ ਉਨ੍ਹਾਂ ਪੱਥਰਾਂ ਨੂੰ ਆਪਸ ‘ਚ ਜੋੜੀ ਰੱਖਦੈ, ਉਹ ਦਰਅਸਲ ਜਾਗਰੂਕਤਾ ਅਤੇ ਆਪਸੀ ਸਦਭਾਵਨਾ ਦੇ ਮਿਲਗੋਭੇ ਦਾ ਬਣਿਆ ਹੁੰਦੈ। ਜੇ ਤੁਸੀਂ ਆਪਣੇ ਦਿਲ ਨੂੰ ਡੂੰਘੇ ਆਨੰਦ ਨਾਲ ਭਰਨਾ ਚਾਹੁੰਦੇ ਹੋ ਤਾਂ ਜਿਸ ਨੂੰ ਤੁਸੀਂ ਅਣਗੌਲਿਆਂ ਕਰ ਰਹੇ ਹੋ, ਉਸ ਵੱਲ ਇੱਕ ਹੋਰ ਝਾਤ ਮਾਰੋ।

ਜਦੋਂ ਕੋਈ ਸ਼ੈਅ ਤੁਹਾਨੂੰ ਗੁੱਸਾ ਚੜ੍ਹਾਉਂਦੀ ਹੈ, ਤੁਹਾਡੇ ਕੰਨਾਂ ‘ਚੋਂ ਕੋਈ ਧੂੰਆਂ ਨਹੀਂ ਨਿਕਲਦਾ। ਤੁਸੀਂ ਆਪਣੀ ਆਵਾਜ਼ ਬਿਲਕੁਲ ਵੀ ਉੱਚੀ ਨਹੀਂ ਕਰਦੇ ਜਾਂ ਆਪਣਾ ਪੈਰ ਗੁੱਸੇ ‘ਚ ਜ਼ਮੀਨ ‘ਤੇ ਨਹੀਂ ਪਟਕਦੇ, ਤੁਸੀਂ ਕੇਵਲ ਬਹੁਤ ਜ਼ਿਆਦਾ ਚਿੜਚਿੜੇ ਅਤੇ ਉਤੇਜਿਤ ਮਹਿਸੂਸ ਕਰਨ ਲਗਦੇ ਹੋ। ਤੁਸੀਂ ਤਿੱਖੀਆਂ ਟਿੱਪਣੀਆਂ ਕਰਨੋਂ ਨਹੀਂ ਹਟਦੇ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ‘ਚ ਨੁਕਸ ਭਾਲਦੇ ਹੋ। ਭਾਵੇਂ ਤੁਸੀਂ ਕੋਈ ਬਦਲਾ ਲੈਣ ਦੀ ਤਿਆਰੀ ਨਹੀਂ ਕਰ ਰਹੇ, ਪਰ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਅਜਿਹੀ ਯੋਜਨਾ ਜ਼ਰੂਰ ਘੜ ਰਹੇ ਹੋ ਜਿਸ ਨਾਲ ਕਿਸੇ ਸਥਿਤੀ ਨੂੰ ਨਾਟਕੀ ਢੰਗ ਨਾਲ ਬਦਲਿਆ ਜਾ ਸਕੇ। ਕੀ ਇਹ ਵੀ ਹੋ ਸਕਦੈ ਕਿ ਤੁਸੀਂ ਕਿਸੇ ਮਸਲੇ ਨੂੰ ਲੋੜੋਂ ਵੱਧ ਗੰਭੀਰਤਾ ਨਾਲ ਲੈ ਰਹੇ ਹੋਵੋ? ਸ਼ਾਇਦ! ਅਜਿਹਾ ਕਰਨ ਦੀ ਬਜਾਏ, ਉਸ ਸਭ ‘ਤੇ ਹੱਸਣ ਦੀ ਕੋਸ਼ਿਸ਼ ਕਰੋ ਜੋ ਸਰਾਸਰ ਹਿਮਾਕਤ ਜਾਪਦੈ।