ਕਾਨਪੁਰ – ਸਹਾਰਾ ਮੁਖੀ ਸੁਬਰਤ ਰਾਏ ਅਤੇ 17 ਹੋਰ ਵਿਅਕਤੀਆਂ ਵਿਰੁੱਧ ਧੋਖਾਦੇਹੀ, ਜਾਅਲਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ ਹੇਠ ਕਾਨਪੁਰ ਦੇ ਕਾਕਾਦੇਵ ਥਾਣੇ ’ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਸਹਾਰਾ ਮੁਖੀ, ਉਨ੍ਹਾਂ ਦੀ ਪਤਨੀ ਸਵਪਨਾ ਰਾਏ, ਬੇਟੀਆਂ ਸੁਸ਼ਾਂਤੋ ਰਾਏ ਅਤੇ ਸੀਮਾਂਤੋ ਰਾਏ, ਨੂੰਹ ਚਾਂਦਨੀ ਰਾਏ, ਰਿਚਾ, ਭਰਾ ਜੇ.ਬੀ. ਰਾਏ ਅਤੇ ਗਰੁੱਪ ਦੇ ਹੋਰਨਾਂ ਮੈਂਬਰਾਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਹਨ। ਐੱਫ.ਆਈ.ਆਰ. ’ਚ ਸ਼ਾਮਲ ਹੋਰਨਾਂ ਲੋਕਾਂ ’ਚ ਨਿਰਦੇਸ਼ਕ ਜਤਿੰਦਰ ਕੁਮਾਰ, ਕਰੁਣੇਸ਼ ਅਵਸਥੀ, ਅਨਿਲ ਕੁਮਾਰ, ਰਾਣਾ ਜਿਯਾ, ਡੀ.ਕੇ. ਸ਼੍ਰੀਵਾਸਤਵ, ਰੋਮੀ ਦੱਤਾ, ਪ੍ਰਦੀਪ ਸ਼੍ਰੀਵਾਸਤਵ, ਓਮ ਪ੍ਰਕਾਸ਼, ਅਬਦੁਲ ਅਤੇ ਪਵਨ ਕਪੂਰ ਹਨ। ਕਾਨਪੁਰ ਦੇ ਪੁਲਸ ਕਮਿਸ਼ਨਰ ਅਸੀਮ ਅਰੁਣ ਨੇ ਸੁਬਰਤ ਰਾਏ ਅਤੇ ਹੋਰਨਾਂ ਵਿਰੁੱਧ ਐੱਫ.ਆਈ.ਆਰ. ਦਰਜ ਹੋਣ ਦੀ ਪੁਸ਼ਟੀ ਕੀਤੀ।
ਐੱਫ.ਆਈ.ਆਰ. ’ਚ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮਾਂ ਨੇ ਕਈ ਕੰਪਨੀਆਂ ਅਤੇ ਸੋਸਾਇਟੀਆਂ ਲਾਂਚ ਕੀਤੀਆਂ ਹਨ। ਪੂਰੇ ਦੇਸ਼ ਵਿਚ 25 ਲੱਖ ਤੋਂ ਵਧ ਲੋਕਾਂ ਨੂੰ ਠੱਗਿਆ ਹੈ। ਇਨ੍ਹਾਂ ’ਚੋਂ ਕਾਨਪੁਰ ਦੇ 1 ਲੱਖ ਤੋਂ ਵਧ ਲੋਕ ਸ਼ਾਮਲ ਹਨ। ਕੁੱਲ ਮਿਲਾ ਕੇ 25 ਲੱਖ ਕਰੋੜ ਰੁਪਏ ਤੋਂ ਵਧ ਦੀ ਠੱਗੀ ਕੀਤੀ ਗਈ। ਪੀੜਤਾਂ ਦੀ ਬੇਨਤੀ ’ਤੇ ਐੱਫ.ਆਈ.ਆਰ. ਦਰਜ ਕਰਵਾਉਣ ਵਾਲੇ ਮੰਦਾਰ ਭਾਰਤੀ ਕੌਮਾਂਤਰੀ ਦੇ ਵਕੀਲ ਅਤੇ ਕੌਮੀ ਪ੍ਰਧਾਨ ਅਜੇ ਟੰਡਨ ਨੇ ਦੱਸਿਆ ਕਿ ਪੈਸਾ ਮੁਲਜ਼ਮਾਂ ਦੀਆਂ ਕੰਪਨੀਆਂ ਰਾਹੀਂ ਕਾਨਪੁਰ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਨਿਵੇਸ਼ ਕੀਤਾ ਗਿਆ।