ਨਵੀਂ ਦਿੱਲੀ – ਕੋਰੋਨਾ ਅਤੇ ਉਸਦੇ ਨਵੇਂ ਵੇਰੀਐਂਟ ਓਮੀਕਰੋਨ ‘ਤੇ ਬੁੱਧਵਾਰ ਨੂੰ ਲੋਕਸਭਾ ਵਿੱਚ ਚਰਚਾ ਹੋ ਸਕਦੀ ਹੈ। ਸੂਤਰਾਂ ਮੁਤਾਬਕ ਜੇਕਰ ਬੁੱਧਵਾਰ ਨੂੰ ਲੋਕਸਭਾ ਦਾ ਕੰਮਕਾਜ ਸੁਚਾਰੂ ਢੰਗ ਨਾਲ ਚੱਲਦਾ ਹੈ ਤਾਂ ਸਦਨ ਵਿੱਚ ਨਿਯਮ 193 ਦੇ ਤਹਿਤ ਕੋਰੋਨਾ ਅਤੇ ਉਸਦੇ ਨਵੇਂ ਵੇਰੀਐਂਟ ‘ਤੇ ਥੋੜ੍ਹੇ ਸਮੇਂ ਲਈ ਚਰਚਾ ਹੋਵੇਗੀ ਜਿਸ ਵਿੱਚ ਮਤਦਾਨ ਦਾ ਪ੍ਰਬੰਧ ਨਹੀਂ ਹੈ। ਸੋਮਵਾਰ ਅਤੇ ਮੰਗਲਵਾਰ ਨੂੰ ਸਦਨ ਦੇ ਹਾਲਾਤ ਵੇਖ ਕੇ ਇਹ ਕਹਿਣਾ ਅਜੇ ਮੁਸ਼ਕਿਲ ਹੈ ਕਿ ਬੁੱਧਵਾਰ ਨੂੰ ਵੀ ਸਦਨ ਦਾ ਕੰਮਕਾਜ ਸੁਚਾਰੂ ਢੰਗ ਨਾਲ ਚੱਲ ਸਕੇਗਾ। ਰਾਜ ਸਭਾ ਦੇ 12 ਵਿਰੋਧੀ ਸੰਸਦਾਂ ਦੇ ਮੁਅੱਤਲ ਦੇ ਮਸਲੇ ‘ਤੇ ਸਰਕਾਰ ਅਤੇ ਵਿਰੋਧੀ ਧਿਰ ਦੇ ਵਿੱਚ ਤਕਰਾਰ ਅਜੇ ਜਾਰੀ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਦਾ ਨਵਾਂ ਵੇਰੀਐਂਟ ਦੁਨੀਆ ਦੇ 18 ਦੇਸ਼ਾਂ ਵਿੱਚ ਪਾਇਆ ਗਿਆ ਹੈ ਪਰ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਭਾਰਤ ਵਿੱਚ ਅਜੇ ਤੱਕ ਇਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸਰਕਾਰ ਨੇ ਅਜਿਹੇ 12 ਦੇਸ਼ਾਂ ਦੀ ਸੂਚੀ ਵੀ ਜਾਰੀ ਕੀਤੀ ਸੀ, ਜਿਨ੍ਹਾਂ ਨੂੰ ਜ਼ਿਆਦਾ ਜੋਖ਼ਮ ਵਾਲੇ ਦੇਸ਼ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ, ਜਿੱਥੋਂ ਭਾਰਤ ਆਉਣ ਵਾਲੇ ਮੁਸਾਫਰਾਂ ਲਈ ਵਾਧੂ ਉਪਾਅ ਕੀਤੇ ਗਏ ਹਨ। ਇਨ੍ਹਾਂ ਦੇਸ਼ਾਂ ਤੋਂ ਭਾਰਤ ਆਉਣ ਵਾਲਿਆਂ ਨੂੰ ਏਅਰਪੋਟਰ ‘ਤੇ ਵੀ ਕੋਰੋਨਾ ਟੈਸਟ ਕਰਾਉਣਾ ਹੋਵੇਗਾ ਅਤੇ ਰਿਪੋਟਰ ਦਾ ਏਅਰਪੋਟਰ ‘ਤੇ ਹੀ ਇੰਤਜ਼ਾਰ ਵੀ ਕਰਨਾ ਹੋਵੇਗਾ। ਜੇਕਰ ਇਨ੍ਹਾਂ ਮੁਸਾਫਰਾਂ ਦੀ ਕੋਰੋਨਾ ਦੀ ਜਾਂਚ ਨੈਗੇਟਿਵ ਆਉਂਦੀ ਹੈ ਤਾਂ ਇਨ੍ਹਾਂ ਨੂੰ ਅਗਲੇ ਸੱਤ ਦਿਨਾਂ ਤੱਕ ਹੋਮ ਕੁਆਰੰਟੀਨ ਵਿੱਚ ਰਹਿਣਾ ਹੋਵੇਗਾ।