ਚੰਡੀਗੜ੍ਹ : ਠੰਡ ਵੱਧਣ ਦੇ ਨਾਲ ਹੀ ਡੇਂਗੂ ਕੇਸਾਂ ਵਿਚ ਵੀ ਕਮੀ ਆਉਣੀ ਸ਼ੁਰੂ ਹੋ ਗਈ ਹੈ। ਕੁੱਝ ਦਿਨਾਂ ਦਾ ਅੰਕੜਾ ਵੇਖੀਏ ਤਾਂ ਗ੍ਰਾਫ਼ 25 ਤੋਂ ਡਿੱਗ ਕੇ 13 ਤੋਂ 14 ਤੱਕ ਪਹੁੰਚ ਗਿਆ ਹੈ। ਜਦੋਂ ਕਿ ਐਤਵਾਰ 14 ਅਤੇ ਸ਼ਨੀਵਾਰ ਸਭ ਤੋਂ ਘੱਟ 13 ਕੇਸ ਸਾਹਮਣੇ ਆਏ। ਜੀ. ਐੱਮ. ਐੱਸ. ਐੱਚ. ਦੇ ਮੈਡੀਕਲ ਸੁਪਰਡੈਂਟ ਡਾ. ਵੀ. ਐੱਸ. ਨਾਗਪਾਲ ਦੀਆਂ ਮੰਨੀਏ ਤਾਂ ਜਿਵੇਂ-ਜਿਵੇਂ ਠੰਡ ਵਧੇਗੀ, ਕੇਸ ਘੱਟ ਹੋਣੇ ਸ਼ੁਰੂ ਹੋ ਜਾਣਗੇ। ਨਵੰਬਰ ਮਹੀਨੇ ਵਿਚ ਹੁਣ ਤੱਕ ਕੁੱਲ 591 ਕੇਸਾਂ ਦੀ ਪੁਸ਼ਟੀ ਹੋਈ ਹੈ, ਜਦੋਂ ਕਿ ਅਕਤੂਬਰ ਵਿਚ 770 ਕੇਸ ਸਾਹਮਣੇ ਆਏ ਸਨ।
ਹੁਣ ਤੱਕ ਸ਼ਹਿਰ ਵਿਚ ਡੇਂਗੂ ਦੇ 1480 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਕਿ ਮਲੇਰੀਆ ਦੇ 6 ਕੇਸ ਹਨ। ਸਿਹਤ ਡਾਇਰੈਕਟਰ ਡਾ. ਸੁਮਨ ਸਿੰਘ ਦੀ ਮੰਨੀਏ ਤਾਂ ਕੁੱਝ ਹਫ਼ਤਿਆਂ ਦੌਰਾਨ ਡੇਂਗੂ ਬੁਖ਼ਾਰ ਦੇ ਮਰੀਜ਼ਾਂ ਦੀ ਗਿਣਤੀ ਘੱਟ ਹੋਈ ਹੈ। ਜਿਵੇਂ ਹੀ ਤਾਪਮਾਨ ਵਿਚ ਹੋਰ ਗਿਰਾਵਟ ਆਵੇਗੀ, ਡੇਂਗੂ ਮੱਛਰ ਦੀ ਬਰੀਡਿੰਗ ਵਿਚ ਖ਼ੁਦ ਕਮੀ ਹੋਵੇਗੀ। ਉਮੀਦ ਹੈ ਕਿ ਕੁੱਝ ਦਿਨਾਂ ਵਿਚ ਸ਼ਹਿਰ ਵਿਚ ਡੇਂਗੂ ਤੋਂ ਰਾਹਤ ਮਿਲ ਜਾਵੇਗੀ।