ਅੰਨਦਾਤਾਵਾਂ ਦੇ ਸੰਘਰਸ਼ ਦੀ ਗੂੰਜ ਅੱਜ ਸੰਸਦ ’ਚ ਦੇਵੇਗੀ ਸੁਣਾਈ : ਪ੍ਰਿੰਯਕਾ ਗਾਂਧੀ

ਲਖਨਊ – ਕਾਂਗਰਸ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਕਿਹਾ ਕਿ ਸੜਕਾਂ ’ਤੇ ਅੰਨਦਾਤਾ ਦੇ ਸੰਘਰਸ਼ ਦੀ ਜਿੱਤ ਦੀ ਗੂੰਜ ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ ’ਚ ਸੁਣਾਈ ਦੇਵੇਗੀ, ਜਦੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਲਏ ਜਾਣਗੇ। ਵਾਡਰਾ ਨੇ ਟਵੀਟ ਕੀਤਾ,‘‘ਅੱਜ ਸਾਡੇ, ਅੰਨਦਾਤਾ ਵਲੋਂ ਕੀਤੇ ਸੰਘਰਸ਼ ਦੀ ਜਿੱਤ ਦੀ ਗੂੰਜ ਸੰਸਦ ’ਚ ਹੋਵੇਗੀ। ਅੱਜ ਇਕ ਵਾਰ ਮੁੜ ਕਿਸਾਨ ਅੰਦੋਲਨ ’ਚ ਸ਼ਹੀਦ ਹੋਏ 700 ਕਿਸਾਨਾਂ ਦੀ, ਲਖੀਮਪੁਰ ਦੇ ਕਿਸਾਨਾਂ ਦੀ ਸ਼ਹਾਦਤ ਨੂੰ ਯਾਦ ਕਰਨ ਦਾ ਦਿਨ ਹੈ। ਹੁਣ ਜਦੋਂ ਸੰਸਦ ’ਚ ਬਿੱਲ ਵਾਪਸ ਹੋਣਗੇ, ਪੂਰਾ ਦੇਸ਼ ਇਕੱਠੇ ‘ਜੈ ਕਿਸਾਨ’ ਬੋਲੇਗਾ ਅਤੇ ਅੰਨਦਾਤਾ ਨੂੰ ਨਮਨ ਕਰੇਗਾ।’’
ਦੱਸਣਯੋਗ ਹੈ ਕਿ ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ ਅਤੇ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਕੀਤੀ ਸੀ। ਪ੍ਰਧਾਨ ਮੰਤਰੀ ਦੇ ਇਸ ਫ਼ੈਸਲੇ ਨੂੰ ਕਿਸਾਨਾਂ ਦੀ ਜਿੱਤ ਦੱਸਦੇ ਹੋਏ ਪ੍ਰਿਯੰਕਾ ਨੇ ਸਿਆਸੀ ਦਲਾਂ ਤੋਂ ਇਸ ਦਾ ਸਿਹਰਾ ਨਹੀਂ ਲੈਣ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਕਾਂਗਰਸ ਕਿਸਾਨਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰਦੀ ਰਹੇਗੀ।