ਚੰਡੀਗੜ੍ਹ – ਪੰਜਾਬ ਕਾਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਲੋਂ ਕਰੰਸੀ ਨੂੰ ਲੈ ਕੇ ਇਕ ਖ਼ਾਸ ਟਵੀਟ ਕੀਤਾ ਗਿਆ ਹੈ। ਸੁਨੀਲ ਜਾਖ਼ੜ ਨੇ ਟਵੀਟ ਕਰਦੇ ਹੋਏ ਕਿਹਾ ਕਿ ‘‘ਪੰਜਾਬ ‘ਚ ‘ਡਰਾਮਾ’ ਨਵੀਂ ਸਿਆਸੀ ਮੁਦਰਾ/ਕਰੰਸੀ ਦਾ ਹੈ – ਜਿਵੇਂ ਕਿ ਕ੍ਰਿਪਟੋ ਕਰੰਸੀ, ਵਿਕਰੀਯੋਗਤਾ ਵੱਧ ਪਰ ਭਰੋਸੇਯੋਗਤਾ ਘੱਟ।’’
ਦੱਸ ਦੇਈਏ ਕਿ ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਦਿੱਗਜ ਨੇਤਾ ਹਨ। ਜਾਖੜ ਨੂੰ ਹਟਾ ਕੇ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਕਾਂਗਰਸ ਪ੍ਰਧਾਨ ਬਣਾਇਆ ਗਿਆ ਸੀ। ਇਸ ਤੋਂ ਬਾਅਦ ਸੁਨੀਲ ਜਾਖੜ ਕਈ ਮੌਕਿਆਂ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਹਨ। ਇੰਨਾ ਹੀ ਨਹੀਂ ਜਦੋਂ ਅਮਰਿੰਦਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਤਾਂ ਸੁਨੀਲ ਜਾਖੜ ਦਾ ਨਾਂ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਸੀ। ਹਾਲਾਂਕਿ ਸੁਨੀਲ ਜਾਖੜ ਨੂੰ ਨਵਜੋਤ ਸਿੱਧੂ ਦਾ ਸਮਰਥਨ ਨਹੀਂ ਮਿਲਿਆ।
ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸੁਨੀਲ ਜਾਖੜ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਕਾਫ਼ੀ ਕਰੀਬੀ ਸਮਝਦੇ ਸਨ। ਹਾਲਾਂਕਿ ਜਾਖੜ ਨੇ ਕਾਂਗਰਸ ਛੱਡਣ ਲਈ ਅਮਰਿੰਦਰ ਸਿੰਘ ‘ਤੇ ਵੀ ਨਿਸ਼ਾਨਾ ਸਾਧਿਆ। 2019 ਦੀਆਂ ਲੋਕ ਸਭਾ ਚੋਣਾਂ ‘ਚ ਜਾਖੜ ਨੂੰ ਗੁਰਦਾਸਪੁਰ ਤੋਂ ਸੰਨੀ ਦਿਓਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਸ ਤੋਂ ਬਾਅਦ ਪਾਰਟੀ ‘ਤੇ ਉਨ੍ਹਾਂ ਦੀ ਪਕੜ ਕਮਜ਼ੋਰ ਹੋ ਗਈ ਸੀ।