ਗਲਾਸਗੋ/ਲੰਡਨ : ਯੂਕੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਨੇ ਦਸਤਕ ਦਿੱਤੀ ਹੈ। ਜਿਸ ਕਾਰਨ ਸਰਕਾਰ ਵੱਲੋਂ ਸੁਰੱਖਿਆ ਦੇ ਮੱਦੇਨਜਰ ਕੁਝ ਸਾਵਧਾਨੀਆਂ ਨੂੰ ਲਾਗੂ ਕੀਤਾ ਗਿਆ ਹੈ। ਵਾਇਰਸ ਦੇ ਨਵੇਂ ਰੂਪ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਦੀ ਵਰਤੋਂ ਹੁਣ ਦੁਕਾਨਾਂ ਅਤੇ ਜਨਤਕ ਆਵਾਜਾਈ ਦੌਰਾਨ ਲਾਜ਼ਮੀ ਹੈ। ਕੋਈ ਵੀ ਜੋ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ ਜਿਸ ਨੇ ਓਮੀਕਰੋਨ ਲਈ ਸਕਾਰਾਤਮਕ ਟੈਸਟ ਕੀਤਾ ਹੈ, ਉਸ ਨੂੰ ਟੀਕਾਕਰਨ ਹੋਏ ਹੋਣ ਦੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ, ਦਸ ਦਿਨਾਂ ਲਈ ਇਕਾਂਤਵਾਸ ਹੋਣਾ ਪਵੇਗਾ।
ਇਸ ਦੌਰਾਨ, ਸਾਰੇ ਯੂਕੇ ਪਹੁੰਚਣ ਵਾਲਿਆਂ ਯਾਤਰੀਆਂ ਨੂੰ 48 ਘੰਟਿਆਂ ਦੇ ਅੰਦਰ ਇੱਕ ਪੀ ਸੀ ਆਰ ਟੈਸਟ ਕਰਵਾਉਣ ਅਤੇ ਨਕਾਰਾਤਮਕ ਨਤੀਜਾ ਪ੍ਰਾਪਤ ਹੋਣ ਤੱਕ ਇਕਾਂਤਵਾਸ ‘ਚ ਰਹਿਣ ਦੀ ਲੋੜ ਹੋਵੇਗੀ। ਯੂਕੇ ਵਿੱਚ ਵਾਇਰਸ ਦੇ ਇਸ ਰੂਪ ਦੇ ਘੱਟੋ ਘੱਟ ਦੋ ਮਾਮਲੇ ਨਾਟਿੰਘਮ ਅਤੇ ਬ੍ਰੈਂਟਵੁੱਡ ਵਿੱਚ ਸਾਹਮਣੇ ਆਏ ਹਨ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਹਨਾਂ ਨਵੇਂ ਸੁਰੱਖਿਆ ਉਪਾਵਾਂ ਦੀ ਘੋਸ਼ਣਾ ਕੀਤੀ।