ਸੋਨੀਪਤ— ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਆਗੂ ਗੁਰਨਾਮ ਸਿੰਘ ਚਢੂਨੀ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਐੱਮ. ਐੱਸ. ਪੀ. ਵਾਲੇ ਬਿਆਨ ’ਤੇ ਨਿਸ਼ਾਨਾ ਵਿੰਨਿ੍ਹਆ ਹੈ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਐੱਮ. ਐੱਸ. ਪੀ. ਦੇ ਸੰਭਵ ਨਾ ਹੋਣ ਦੀ ਗੱਲ ਕਰ ਰਹੇ ਹਨ ਤਾਂ ਇਸ ਦਾ ਭਾਵ ਇਹ ਹੈ ਕਿ ਉਹ ਅੰਦੋਲਨ ਨੂੰ ਖ਼ਤਮ ਕਰਵਾਉਣ ਦੇ ਮੂਡ ’ਚ ਨਹੀਂ ਅਤੇ ਇਸ ਨੂੰ ਜਾਰੀ ਰੱਖਣਾ ਚਾਹੁੰਦੇ ਹਨ। ਚਢੂਨੀ ਨੇ ਪਰਾਲੀ ਦੇ ਮੁੱਦੇ ’ਤੇ ਵੀ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨੂੰ ਲੈ ਕੇ ਸਾਡੇ ਕੋਲ ਅਜੇ ਕੁਝ ਲਿਖਤੀ ਵਿਚ ਨਹੀਂ ਆਇਆ ਹੈ। ਜਦੋਂ ਕੁਝ ਆਵੇਗਾ, ਉਦੋਂ ਗੱਲ ਕਰਾਂਗੇ।
ਦੱਸਣਯੋਗ ਹੈ ਕਿ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ ਹੋਣ ਦੇ ਦੂਜੇ ਦਿਨ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਹੋਈ। ਇਸ ਬੈਠਕ ਵਿਚ ਕਈ ਗੱਲਾਂ ਦੀ ਚਰਚਾ ਹੋਈ। ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਮੁਤਾਬਕ ਬੈਠਕ ਦੌਰਾਨ ਐੱਮ. ਐੱਸ. ਪੀ. ਦੀ ਗਰੰਟੀ, ਕਿਸਾਨਾਂ ’ਤੇ ਦਰਜ ਮੁਕੱਦਮੇ ਵਾਪਸ ਲੈਣ, ਅੰਦੋਲਨਦੌਰਾਨ ਜਿਨ੍ਹਾਂ ਕਿਸਾਨਾਂ ਦੀ ਮੌਤ ਹੋਈ, ਉਨ੍ਹਾਂ ਨੂੰ ਮੁਆਵਜ਼ਾ ਦੇਣ ਤੋਂ ਇਲਾਵਾ ਬਿਜਲੀ ਬਿੱਲ ਵਾਪਸ ਲੈਣ ’ਤੇ ਗੱਲਾਂ ਹੋਈਆਂ ਹਨ। ਜਦਕਿ ਬੈਠਕ ਦੌਰਾਨ 29 ਨਵੰਬਰ ਨੂੰ ਸੰਸਦ ਤੱਕ ਪ੍ਰਸਤਾਵਿਤ ਟਰੈਕਟਰ ਰੈਲੀ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।