ਕੋਰੋਨਾ ਦੇ ਅੰਕੜੇ ਝੂਠੇ ਪਰ ਲੋਕਾਂ ਦਾ ਦਰਦ ਸੱਚਾ ਹੈ: ਰਾਹੁਲ ਗਾਂਧੀ

ਨਵੀਂ ਦਿੱਲੀ — ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਮਹਾਮਾਰੀ ਦੌਰਾਨ ਮਿ੍ਰਤਕਾਂ ਦੀ ਗਿਣਤੀ ਗਲਤ ਦੱਸਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਰਕਾਰ ਝੂਠੇ ਅੰਕੜੇ ਦੇ ਕੇ ਮਿ੍ਰਤਕ ਪਰਿਵਾਰਾਂ ਦੇ ਦਰਦ ਨੂੰ ਨਜ਼ਰ-ਅੰਦਾਜ਼ ਕਰ ਰਹੀ ਹੈ। ਰਾਹੁਲ ਨੇ ਕਿਹਾ ਕਿ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਕੋਰੋਨਾ ਕਾਰਨ ਜਿਨ੍ਹਾਂ ਲੋਕਾਂ ਨੇ ਆਪਣਿਆਂ ਨੂੰ ਗੁਆਇਆ ਹੈ ਉਨ੍ਹਾਂ ਦਾ ਦਰਦ, ਉਨ੍ਹਾਂ ਦੇ ਦਰਦ ਨੂੰ ਗਲਤ ਅੰਕੜੇ ਦੇ ਕੇ ਲੁਕਾਇਆ ਨਹੀਂ ਜਾ ਸਕਦਾ ਹੈ।
ਰਾਹੁਲ ਨੇ ਟਵੀਟ ਕੀਤਾ ਕਿ ਕੋਵਿਡ ਮਿ੍ਰਤਕਾਂ ਦੇ ਪਰਿਵਾਰਾਂ ਦੀਆਂ ਕਹਾਣੀਆਂ ਸੱਚੀਆਂ ਹਨ, ਉਨ੍ਹਾਂ ਦਾ ਦੁੱਖ-ਦਰਦ ਸੱਚਾ ਹੈ। ਸਰਕਾਰ ਦੇ ਅੰਕੜੇ ਝੂਠੇ ਹਨ। ਸੱਚੇ ਅੰਕੜੇ ਦੱਸਣੇ ਹੋਣਗੇ ਅਤੇ ਮੁਆਵਜ਼ਾ 4 ਲੱਖ ਦੇਣਾ ਹੋਵੇਗਾ।
ਦੱਸਣਯੋਗ ਹੈ ਕਿ ਬੀਤੇ 24 ਘੰਟਿਆਂ ’ਚ ਜਾਨਲੇਵਾ ਵਾਇਰਸ ਦੇ ਸੰਕਰਮਣ ਨਾਲ 621 ਹੋਰ ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 4 ਲੱਖ 68 ਹਜ਼ਾਰ 554 ਹੋ ਗਿਆ ਹੈ। ਦੇਸ਼’ਚ ਪਿਛਲੇ 24 ਘੰਟਿਆਂ ਦੌਰਾਨ 73 ਲੱਖ 58 ਹਜ਼ਾਰ 17 ਕੋਰੋਨਾ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਹੁਣ ਤੱਕ 121 ਕਰੋੜ 6 ਲੱਖ 58 ਹਜ਼ਾਰ 262 ਕੋਰੋਨਾ ਟੀਕੇ ਲਾਏ ਜਾ ਚੁਕੇ ਹਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਐਤਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ, ਸ਼ਨੀਵਾਰ ਰਾਤ ਤੱਕ ਕੋਰੋਨਾ ਸੰਕਰਮਣ ਦੇ 8774 ਨਵੇਂ ਮਾਮਲੇ ਦਰਜ ਕੀਤੇ ਗਏ। ਇਸੇ ਦੇ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 3 ਕਰੋੜ 45 ਲੱਖ 72 ਹਜ਼ਾਰ 523 ਹੋ ਗਈ ਹੈ।