ਕਿਸਾਨਾਂ ਨੂੰ ਰਾਮਦੇਵ ਦੀ ਅਪੀਲ, ਬੋਲੇ- ਜਿੱਦ ਛੱਡ ਅੰਦੋਲਨ ਕਰਨਾ ਚਾਹੀਦੈ ਖ਼ਤਮ

ਹਰਿਦੁਆਰ– ਯੋਗ ਗੁਰੂ ਸਵਾਮੀ ਰਾਮਦੇਵ ਨੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸ਼ਨੀਵਾਰ ਨੂੰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨਾਂ ਵਿਵਾਦਪੂਰਨ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਦੀ ਉਨ੍ਹਾਂ ਦੀ ਪ੍ਰਮੁੱਖ ਮੰਗ ਮੰਨ ਲਈ ਹੈ, ਇਸ ਲਈ ਉਨ੍ਹਾਂ ਨੂੰ ਜਿੱਦ ਛੱਡ ਕੇ ਅੰਦੋਲਨ ਖ਼ਤਮ ਕਰਨਾ ਚਾਹੀਦਾ ਹੈ ਅਤੇ ਬਾਕੀ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ।
ਸਵਾਮੀ ਰਾਮਦੇਵ ਨੇ ਪਤੰਜਲੀ ਯੂਨੀਵਰਸਿਟੀ ਦੇ ਨਵੇਂ ਬਣੇ ਕੰਪਲੈਕਸ ਦੇ ਉਦਘਾਟਨ ਅਤੇ ਪਹਿਲੇ ਕਾਨਵੋਕੇਸ਼ਨ ਸਮਾਰੋਹ ਦੀ ਪੂਰਬਲੀ ਸ਼ਾਮ ’ਤੇ ਕਿਹਾ ਕਿ ਕੰਮ ਜਿੱਦ ਨਾਲ ਨਹੀਂ ਬਣੇਗਾ। ਸਹਿਯੋਗ ਅਤੇ ਸਦਭਾਵਨਾ ਦੇ ਨਾਲ ਇਸ ਦਿਸ਼ਾ ਵਿਚ ਅੱਗੇ ਵਧਣਗੇ ਤਾਂ ਕੰਮ ਬਣੇਗਾ। ਸਵਾਮੀ ਰਾਮਦੇਵ ਨੇ ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ ਆਦਿ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵੀ ਦਿਲਚਸਪ ਰਾਏ ਸਾਂਝੀ ਕੀਤੀ ਅਤੇ ਕਿਹਾ ਕਿ ਇਹ ਪੰਜਾਂ ਸੂਬਿਆਂ ਦੀਆਂ ਚੋਣਾਂ 2024 ਦੀਆਂ ਲੋਕ ਸਭਾ ਚੋਣਾਂ ਅਤੇ ਭਵਿੱਖ ਦੇ ਭਾਰਤ ਦੀ ਸਿਆਸਤ ਦੀ ਬਿਸਾਤ ਸਜਾਉਣਗੇ। ਉੱਤਰ ਪ੍ਰਦੇਸ਼ ਵਿਚ ਯੋਗੀ ਆਦਿਤਿਆਨਾਥ ਦੀ ਭਾਜਪਾ ਅਤੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਦਰਮਿਆਨ ਮੁਕਾਬਲਾ ਹੈ। ਭੈਣ ਮਾਇਆਵਤੀ ਦੇ ਦਲਿਤ ਵੋਟ ਪ੍ਰਧਾਨ ਮੰਤਰੀ ਮੋਦੀ ਦੇ ਅੰਤਯੋਦਯ ਦੇ ਪ੍ਰੋਗਰਾਮ ਕਾਰਨ ਵੱਡੀ ਗਿਣਤੀ ਵਿਚ ਭਾਜਪਾ ਤੋਂ ਆਕਰਸ਼ਿਤ ਹੋ ਰਹੇ ਹਨ।