ਨਵੀਂ ਦਿੱਲੀ- ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਦਿੱਲੀ ’ਚ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਸ਼ਨੀਵਾਰ ਸਵੇਰੇ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਦਰਜ ਕੀਤਾ ਗਿਆ। ਹਵਾ ਦੀ ਤੇਜ਼ ਗਤੀ ਕਾਰਨ ਇਸ ’ਚ 29 ਨਵੰਬਰ ਦੇ ਬਾਅਦ ਤੋਂ ਸੁਧਾਰ ਹੋਣ ਦੀ ਉਮੀਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਗਲੇ 2 ਦਿਨਾਂ ’ਚ ਸਤਿਹ ’ਤੇ ਚੱਲਣ ਵਾਲੀ ਸਥਾਨਕ ਹਵਾ ਥੋੜ੍ਹੀ ਜਿਹੀ ਤੇਜ਼ ਹੋ ਸਕਦੀ ਹੈ, ਜਿਸ ਨਾਲ ਪ੍ਰਦੂਸ਼ਕਾਂ ਦਾ ਫੈਲਾਅ ਹੋਵੇਗਾ ਅਤੇ ਹਵਾ ਪ੍ਰਦੂਸ਼ਣ ’ਚ ਹਲਕਾ ਸੁਧਾਰ ਹੋਵੇਗਾ ਪਰ ਫਿਰ ਵੀ ਏ.ਕਿਊ. ਆਈ. ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਹੀ ਰਹੇਗਾ।
ਦਿੱਲੀ ’ਚ ਪੀ.ਐੱਮ. 2.5 ਪ੍ਰਦੂਸ਼ਣ ’ਚ ਪਰਾਲੀ ਸਾੜਨ ਦਾ ਹਿੱਸਾ 8 ਫੀਸਦੀ ਹੈ। ਸ਼ਨੀਵਾਰ ਨੂੰ ਦਿੱਲੀ ਦਾ ਏ.ਕਿਊ.ਆਈ. ਸਵੇਰੇ ਕਰੀਬ 9 ਵਜੇ 407 ਦਰਜ ਕੀਤਾ ਗਿਆ। ਫਰੀਦਾਬਾਦ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਨੋਇਡਾ ’ਚ ਏ.ਕਿਊ.ਆਈ. 434, 376, 378 ਅਤੇ 392 ਦਰਜ ਕੀਤਾ ਗਿਆ। ਦਿੱਲੀ ’ਚ ਹਵਾ ਪ੍ਰਦੂਸ਼ਣ ਹਾਲੇ ਤੱਕ ਨਵੰਬਰ ਦੇ ਜ਼ਿਆਦਾਤਰ ਦਿਨਾਂ ’ਚ ‘ਬਹੁਤ ਖ਼ਰਾਬ’ ਜਾਂ ‘ਗੰਭੀਰ’ ਸ਼੍ਰੇਣੀ ’ਚ ਬਣਿਆ ਹੋਇਆ ਹੈ। ਜ਼ੀਰੋ ਤੋਂ 50 ਦਰਮਿਆਨ ਏ.ਕਿਊ.ਆਈ. ਨੂੰ ‘ਚੰਗਾ, 51 ਤੋਂ 100 ਦਰਮਿਆਨ ਏ.ਕਿਊ.ਆਈ. ਨੂੰ ਸੰਤੋਸ਼ਜਨਕ, 101 ਤੋਂ 200 ਦੇ ਦਰਮਿਆਨ ਨੂੰ ਮੱਧਮ, 201 ਤੋਂ 300 ਦਰਮਿਆਨ ਨੂੰ ਖਰਾਬ, 301 ਅਤੇ 400 ਦਰਮਿਆਨ ਨੂੰ ਬੇਹੱਦ ਖਰਾਬ ਅਤੇ 401 ਤੋਂ 500 ਦਰਮਿਆਨ ਏ.ਕਿਊ.ਆਈ. ਨੂੰ ਗੰਭੀਰ ਮੰਨਿਆ ਜਾਂਦਾ ਹੈ।