ਤਪਾ ਮੰਡੀ ਵਿਖੇ ਚੰਨੀ ਦੀ ਫੇਰੀ ਤੋਂ ਪਹਿਲਾਂ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ‘ਤੇ ਚੜ੍ਹਿਆ ਅਧਿਆਪਕ, ਪਈਆਂ ਭਾਜੜਾਂ

ਤਪਾ ਮੰਡੀ -ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅੱਜ ਤਪਾ ਵਿਖੇ ਦੋ ਵਜੇ ਦਾ ਦੌਰਾ ਸੀ ਤਾਂ ਉਸ ਤੋਂ ਪਹਿਲਾਂ ਕੱਚੇ ਅਧਿਆਪਕਾਂ ਨੇ ਅੰਦਰਲੇ ਬੱਸ ਸਟੈਂਡ ਨੇੜੇ ਬਣੀ ਪਾਣੀ ਵਾਲੀ ਟੈਂਕੀ ਕੋਲ ਚੰਨੀ ਸਰਕਾਰ ਦੇ ਵਿਰੋਧ ‘ਚ ਧਰਨਾ ਲਗਾ ਕੇ ਇਕ ਅਧਿਆਪਕ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ‘ਤੇ ਚੜ੍ਹ ਗਿਆ ਅਤੇ ਪੁਲਸ ਅਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਇਸ ਮੌਕੇ ਕੱਚੇ ਅਧਿਆਪਕ ਯੂਨੀਅਨ ਦੇ ਆਗੂ ਸੁਖਵਿੰਦਰ ਕੌਰ, ਗੁਰਜੀਤ ਉਗੋਕੇ,ਕਰਮਜੀਤ ਕੌਰ ਫਰੀਦਕੌਟ ਨੇ ਦੱਸਿਆ ਕਿ ਉਹ ਨਿਗੂਣੀ ਜਿਹੀ ਤਨਖ਼ਾਹ ‘ਤੇ ਪਿਛਲੇ 18 ਸਾਲਾਂ ਤੋਂ ਬੱਚਿਆਂ ਨੂੰ ਪੜ੍ਹਾ ਰਹੇ ਹਨ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੋਦੀ ਤੋਂ ਵੀ ਵੱਧ ਗੱਪੀ ਦੱਸਦਿਆਂ ਕਿਹਾ ਕਿ ਮੋਰਿੰਡਾ ਵਿਖੇ ਲਗਭਗ ਡੇਢ ਮਹੀਨੇ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਿਲਕੁਲ ਅੱਗੇ ਧਰਨੇ ’ਤੇ ਬੈਠੇ ਹਨ। ਰਾਤ ਵੀ ਸਾਡੀਆਂ ਬੀਬੀਆਂ ਖੁੱਲ੍ਹੇ ਅਸਮਾਨ ਹੇਠਾਂ ਸਰਦੀ ‘ਚ ਧਰਨੇ ‘ਤੇ ਬੈਠੀਆਂ ਰਹੀਆਂ ਪਰ ਕਿਸੇ ਨੇ ਵੀ ਸਾਰ ਨਹੀਂ ਲਈ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕਹਿ ਰਿਹਾ ਹੈ ਕਿ ਅਸੀਂ 36 ਹਜ਼ਾਰ ਰੁਪਏ ਮੁਲਾਜ਼ਮ ਪੱਕੇ ਕਰ ਦਿੱਤੇ ਹਨ, ਬਿਲਕੁਲ ਹੀ ਝੂਠ ਹੈ ਐਵੇਂ ਹੀ ਚੌਰਾਸਤਿਆਂ ‘ਚ ਬੋਰਡ ਲਗਾਏ ਜਾ ਰਹੇ ਹਨ ਕਿ 36 ਹਜ਼ਾਰ ਮੁਲਾਜ਼ਮ ਪੱਕੇ ਕਰ ਦਿੱਤੇ ਗਏ ਹਨ। ਅੱਜ ਉਹ ਜ਼ਿਲ੍ਹਾ ਬਰਨਾਲਾ ਵਿਖੇ ਮੁੱਖ ਮੰਤਰੀ ਦਾ ਵਿਰੋਧ ਕਰਨ ਲਈ ਪਹੁੰਚੇ ਹਨ ਅਤੇ ਸਾਡਾ ਇਕ ਅਧਿਆਪਕ ਸਮਰਜੀਤ ਸਿੰਘ ਮਾਨਸਾ ਨੇ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜਿ੍ਹਆ ਹੈ। ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਆਪਣਾ ਵਿਰੋਧ ਜਾਰੀ ਰੱਖਣਗੇ ਅਤੇ ਕਈ ਸਾਲ ਪਹਿਲਾਂ ਵੀ ਉਸ ਨੇ ਆਪਣੇ ਆਪ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਮੌਕੇ ਡਿੰਪਲ ਧਨੋਲਾ, ਮਨਜੀਤ ਧੋਲਾ, ਵੀਰਪਾਲ ਕੌਰ ਤਪਾ, ਵੀਰਪਾਲ ਕੌਰ ਕੁੱਬੇ, ਸੁਨੀਤਾ ਰਾਣੀ, ਕਰਮਜੀਤ ਕੌਰ ਤਾਜੋਕੇ, ਸੁਨੈਣਾ ਆਦਿ ਵੱਡੀ ਗਿਣਤੀ ‘ਚ ਹਾਜ਼ਰ ਕੱਚੇ ਅਧਿਆਪਕਾ ਨੇ ਚੰਨੀ ਸਰਕਾਰ ਦਾ ਵਿਰੋਧ ਕਰਕੇ ਨਾਅਰੇਬਾਜ਼ੀ ਕੀਤੀ ਗਈ।