ਨਵੀਂ ਦਿੱਲੀ : ਸਿੱਖਿਆ ਦੇ ਮੁੱਦੇ ‘ਤੇ ਪੰਜਾਬ ਤੇ ਦਿੱਲੀ ਦੇ ਮੰਤਰੀਆਂ ‘ਚ ਸਿਆਸੀ ਜੰਗ ਲਗਾਤਾਰ ਜਾਰੀ ਹੈ। ਹੁਣ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਡਿਬੇਟ ਲਈ ਖੁੱਲ੍ਹੀ ਚੁਣੌਤੀ ਦਿੱਤੀ ਹੈ। ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਕਿਹਾ ਕਿ ਪਰਗਟ ਸਿੰਘ ਮੇਰੇ ਨਾਲ 10 ਸਰਕਾਰੀ ਸਕੂਲਾਂ ਦਾ ਦੌਰਾ ਕਰਨ, ਜਿਨ੍ਹਾਂ ਵਿੱਚ 5 ਸਕੂਲ ਪੰਜਾਬ ਦੇ ਤੇ 5 ਦਿੱਲੀ ਦੇ ਹੋਣਗੇ। ਸਕੂਲਾਂ ਦੇ ਦੌਰੇ ਤੋਂ ਬਾਅਦ ਪੰਜਾਬ ਅਤੇ ਦਿੱਲੀ ਦੇ ਸਿੱਖਿਆ ਢਾਂਚੇ ‘ਤੇ ਡਿਬੇਟ ਕੀਤੀ ਜਾਵੇ।
ਗੌਰਤਲਬ ਹੈ ਕਿ ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਰਗਟ ਸਿੰਘ ਦੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਜੋ ਲੋਕ ਪੰਜਾਬ ਦੇ ਸਕੂਲਾਂ ਅਤੇ ਮੌਜੂਦਾ ਸਿੱਖਿਆ ਪ੍ਰਣਾਲੀ ਤੋਂ ਖ਼ੁਸ਼ ਹਨ ਉਹ ਕਾਂਗਰਸ ਨੂੰ ਵੋਟ ਦੇ ਦੇਣ ਅਤੇ ਜੋ ਲੋਕ ਪੰਜਾਬ ਵਿੱਚ ਦਿੱਲੀ ਵਰਗੀ ਸ਼ਾਨਦਾਰ ਸਿੱਖਿਆ ਪ੍ਰਣਾਲੀ ਚਾਹੁੰਦੇ ਹਨ ਉਹ ਸਾਨੂੰ ਯਾਨੀਕਿ ‘ਆਪ’ ਨੂੰ ਵੋਟ ਦੇਣ। ਕੇਜਰੀਵਾਲ ਦੇ ਬਿਆਨ ਮਗਰੋਂ ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ ਸੀ ਕਿ ਪੰਜਾਬ ਵਿਚ ਸਿੱਖਿਆ ਢਾਂਚਾ ਲਗਾਤਾਰ ਸੁਧਰ ਰਿਹਾ ਹੈ ਅਤੇ ਪੰਜਾਬ ਫਿਰ ਤੋਂ ਨੰਬਰ ਇਕ ‘ਤੇ ਆ ਰਿਹਾ ਹੈ। ਪਰਗਟ ਸਿੰਘ ਨੇ ਕਿਹਾ ਸੀ ਕਿ ਪੰਜਾਬ ‘ਚ ਪਹਿਲਾਂ ਹੀ ਸਿੱਖਿਆ ਦੀ ਕ੍ਰਾਂਤੀ ਹੈ ਅਤੇ ਪੰਜਾਬ ਦੇ ਸਕੂਲ ਦੇਸ਼ ਦੇ ਸਾਰੇ ਸਕੂਲਾਂ ਤੋਂ ਵਧੀਆ ਹਨ। ਪੰਜਾਬ ਦੀ ਸਿੱਖਿਆ ਪ੍ਰਣਾਲੀ ਤੋਂ ਲੋਕ ਅਤੇ ਅਧਿਆਪਕ ਬਹੁਤ ਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਹੁਣ ਜੋ ਵੀ ਦਾਅਵੇ ਕੀਤੇ ਜਾ ਰਹੇ ਨੇ ਉਹ ਸਿਰਫ਼ ਵੋਟਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੇ ਜਾ ਰਹੇ ਨੇ। ਪਰਗਟ ਸਿੰਘ ਨੇ ਕਿਹਾ ਸੀ ਕਿ ਕੇਜਰੀਵਾਲ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਨੇ ਜਦਕਿ ਪੰਜਾਬ ਦੇ ਸਕੂਲਾਂ ਦੀ ਰੈਂਕਿੰਗ ਦਿੱਲੀ ਦੇ ਸਕੂਲਾਂ ਨਾਲੋਂ ਕਿਤੇ ਬਿਹਤਰ ਹੈ।