ਨਵੀਂ ਦਿੱਲੀ, – ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (ਡੀ. ਐੱਮ. ਆਰ. ਸੀ.) ਨੇ ਆਪਣੇ ਨਾਂ ’ਤੇ ਇਕ ਹੋਰ ਉਪਲੱਬਧੀ ਜੋੜਦੇ ਹੋਏ ਵੀਰਵਾਰ ਨੂੰ ਮੈਟਰੋ ਦੇ 59 ਕਿਲੋਮੀਟਰ ਲੰਬੇ ਸੈਕਸ਼ਨ ’ਤੇ ਡਰਾਈਵਰ ਰਹਿਤ ਟਰੇਨ ਦਾ ਸੰਚਾਲਨ ਸ਼ੁਰੂ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਹੁਣ ਡੀ. ਐੱਮ. ਆਰ. ਸੀ. ਡਰਾਈਵਰ ਰਹਿਤ ਮੈਟਰੋ ਦਾ ਨੈੱਟਵਰਕ 97 ਕਿਲੋਮੀਟਰ ਲੰਬਾ ਹੋ ਗਿਆ ਹੈ। ਇਸ ਨਾਲ ਦਿੱਲੀ ਮੈਟਰੋ ਅਜਿਹੇ ਨੈੱਟਵਰਕ ਦੇ ਮਾਮਲੇ ’ਚ ਦੁਨੀਆ ’ਚ ਚੌਥੇ ਨੰਬਰ ’ਤੇ ਪਹੁੰਚ ਗਈ ਹੈ।
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਸਾਂਝੇ ਤੌਰ ’ਤੇ ਵੀਡੀਓ ਕਾਨਫਰੰਸ ਰਾਹੀਂ ਡਰਾਈਵਰ ਰਹਿਤ ਟਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 28 ਦਸੰਬਰ ਨੂੰ ਦਿੱਲੀ ਮੈਟਰੋ ਦੀ ਮੈਜੇਂਟਾ ਲਾਈਨ ’ਤੇ ਭਾਰਤ ਦੀ ਪਹਿਲੀ ਡਰਾਈਵਰ ਰਹਿਤ ਟਰੇਨ ਸੰਚਾਲਨ ਦਾ ਉਦਘਾਟਨ ਕੀਤਾ ਸੀ। ਪੁਰੀ ਨੇ ਇਸ ਮੌਕੇ ਕਿਹਾ,‘ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਡੀ. ਐੱਮ. ਆਰ. ਸੀ. ਨੈੱਟਵਰਕ ’ਤੇ ਡਰਾਈਵਰ ਰਹਿਤ ਟਰੇਨ ਦਾ ਦੂਜਾ ਸੰਚਾਲਨ ਸ਼ੁਰੂ ਕੀਤਾ ਜਾ ਰਿਹਾ ਹੈ। ਮੈਂ ਦੁਨੀਆ ਭਰ ਦੇ ਵੱਡੇ ਸ਼ਹਿਰਾਂ ਵਿਚ ਬਹੁਤ ਸਾਰੇ ਮੈਟਰੋ ਸਿਸਟਮ ਦੇਖੇ ਹਨ ਅਤੇ ਮੈਂ ਕਹਿ ਸਕਦਾ ਹਾਂ ਕਿ ਦਿੱਲੀ ਮੈਟਰੋ ਦੀ ਤੁਲਨਾ ਦੁਨੀਆ ਦੀ ਸਭ ਤੋਂ ਵਧੀਆ ਮੈਟਰੋ ਟਰੇਨ ਨਾਲ ਕੀਤੀ ਜਾ ਸਕਦੀ ਹੈ।’