ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨ ਅੰਦੋਲਨ ਦੇ ਇਕ ਸਾਲ ਪੂਰਾ ਹੋਣ ‘ਤੇ ਕਿਹਾ ਹੈ ਕਿ ਉਹ ਅੰਨਦਾਤੇ ਦੇ ਅਦੁੱਤੀ ਜਜ਼ਬੇ ਨੂੰ ਸਲਾਮ ਕਰਦੇ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪਿਛਲੇ ਸਾਲ ਤੋਂ ਅੱਜ ਦੇ ਦਿਨ ਤੱਕ ਦਿੱਲੀ ‘ਚ ਬੈਠੇ ਕਿਸਾਨ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਅਹਿੰਸਕ ਸੰਘਰਸ਼ ਨਾ ਸਿਰਫ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਹੈ, ਸਗੋਂ ਜਮਹੂਰੀ ਅਤੇ ਮਨੁੱਖੀ ਅਧਿਕਾਰਾਂ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਬਹਾਦਰੀ, ਸਬਰ, ਅਦੁੱਤੀ ਜਜ਼ਬੇ ਅਤੇ ਦ੍ਰਿੜ ਇਰਾਦੇ ਦੀ ਵਿਲੱਖਣ ਗਾਥਾ ਹੈ।
ਦੱਸਣਯੋਗ ਹੈ ਕਿ ਮੀਂਹ, ਠੰਡੀਆਂ ਰਾਤਾਂ ਅਤੇ ਅਣਗਿਣਤ ਮੁਸ਼ਕਲਾਂ ਨੂੰ ਝੱਲਦਿਆਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਕਿਸਾਨ ਅੰਦੋਲਨ ਆਪਣੇ ਆਖ਼ਰੀ ਪੜਾਅ ਵਿਚ ਪਹੁੰਚ ਗਿਆ ਜਾਪਦਾ ਲੱਗ ਰਿਹਾ ਹੈ। 19 ਨਵੰਬਰ ਨੂੰ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਕਿਸਾਨਾਂ ਦੀ ਮੰਗ ਪੂਰੀ ਹੋ ਗਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਫਿਲਹਾਲ ਪ੍ਰਧਾਨ ਮੰਤਰੀ ਦੇ ਐਲਾਨ ਮਗਰੋਂ ਵੀ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ ਜਦੋਂ ਤੱਕ ਸੰਸਦ ’ਚ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਕਿਸਾਨ ਧਰਨੇ ’ਤੇ ਡਟੇ ਰਹਿਣਗੇ।