ਚੰਡੀਗੜ੍ਹ- ਬੇਸ਼ੱਕ ਕਾਂਗਰਸ ਹਾਈਕਮਾਨ ਅਜੇ 2022 ਦੀਆਂ ਚੋਣਾਂ ’ਚ ਉਮੀਦਵਾਰ ਉਤਾਰਣ ’ਤੇ ਮੰਥਨ ਕਰ ਰਹੀ ਹੈ ਪਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਮੀਦਵਾਰ ਦਾ ਨਾਂ ਲੈ ਕੇ ਵੋਟਾਂ ਮੰਗਣੀਆਂ ਸ਼ੁਰੂ ਵੀ ਕਰ ਦਿੱਤੀਆਂ ਹਨ। ਮੋਗਾ ਦੇ ਬਾਘਾ ਪੁਰਾਣਾ ’ਚ ਵੀਰਵਾਰ ਨੂੰ ਰੈਲੀ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਹੱਕ ’ਚ ਜਨਤਾ ਨੂੰ ਵੋਟ ਪਾਉਣ ਦਾ ਐਲਾਨ ਕੀਤਾ।
ਸਿੱਧੂ ਨੇ ਮੰਚ ਤੋਂ ਦਰਸ਼ਨ ਸਿੰਘ ਬਰਾੜ ਨੂੰ ਬਾਪੂ ਸੰਬੋਧਨ ਕਰਦਿਆਂ ਕਿਹਾ ਕਿ ਬਾਪੂ ਨੂੰ ਜਿਤਾਓਗੇ ਕਿਉਂਕਿ ਬਾਪੂ ਕਹਿੰਦਾ ਹੈ ਕਿ ਅਜੇ ਮੈਂ ਜਵਾਨ ਹਾਂ। ਇਸ ਲਈ ਪੁੱਤਰ ਨਹੀਂ ਸਗੋਂ ਉਹ ਖੁਦ ਹੀ ਚੋਣ ਲੜਨਗੇ। ਸਿੱਧੂ ਨੇ ਆਪਣੇ ਜਾਣੇ ਪਹਿਚਾਣ ਅੰਦਾਜ ’ਚ ਦਰਸ਼ਨ ਸਿੰਘ ਬਰਾੜ ਨੂੰ ਕ੍ਰਿਕਟ ਵਾਲੇ ਅੰਦਾਜ ’ਚ ਛੱਕਾ ਮਾਰਨ ਨੂੰ ਵੀ ਕਿਹਾ। ਸਿੱਧੂ ਨੇ ਜਨਤਾ ਨੂੰ ਕਿਹਾ ਕਿ ਤੁਸੀਂ ਅਜਿਹਾ ਛੱਕਾ ਲਗਾਓ ਕਿ ਬਾਦਲ ਅਤੇ ਕੇਜਰੀਵਾਲ ਬਾਊਂਡਰੀ ਪਾਰ ਹੋ ਜਾਣ।
ਨਸ਼ੇ ਦੀ ਰਿਪੋਰਟ ਨਾ ਖੋਲ੍ਹੀ ਤਾਂ ਸਿੱਧੂ ਬੈਠਣਗੇ ਮਰਨ ਵਰਤ ’ਤੇ
ਰੈਲੀ ਦੌਰਾਨ ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਨਸ਼ੇ ਦੀ ਰਿਪੋਰਟ ਨਹੀਂ ਖੋਲ੍ਹੀ ਤਾਂ ਉਹ ਮਰਨ ਵਰਤ ’ਤੇ ਜਾਣਗੇ। ਸਿੱਧੂ ਨੇ ਕਿਹਾ ਕਿ ਹੁਣ ਤਾਂ ਸਰਕਾਰ ਤੁਹਾਡੀ ਹੈ ਤਾਂ ਨਸ਼ੇ ਦੀ ਰਿਪੋਰਟ ਖੋਲ੍ਹਣ ਤੋਂ ਕੌਣ ਰੋਕਦਾ ਹੈ। ਕਿਉਂ ਨਹੀਂ ਖੁੱਲ੍ਹ ਰਹੀ ਰਿਪੋਰਟ। ਸਿੱਧੂ ਨੇ ਕਿਹਾ ਕਿ ਉਹ ਸਿਰਫ਼ ਪਾਰਟੀ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਕੋਲ ਪ੍ਰਸ਼ਾਸਕੀ ਸ਼ਕਤੀ ਨਹੀਂ ਹੈ ਪਰ ਫਿਰ ਵੀ ਚੰਨੀ ਕਹਿ ਕੇ ਗਿਆ ਹੈ, ਸਭ ਕੁੱਝ ਪਾਰਟੀ ਦੀ ਹਿਦਾਇਤ ’ਤੇ ਚੱਲਦਾ ਹੈ ਤਾਂ ਇਸ ਗੱਲ ’ਤੇ ਸਿੱਧੂ ਇਹ ਐਲਾਨ ਕਰਦਾ ਹੈ ਕਿ ਜੇਕਰ ਰਿਪੋਰਟ ਨਹੀਂ ਖੁੱਲ੍ਹੀ ਤਾਂ ਸਿੱਧੂ ਆਪਣੀ ਦੇਹ ਦਾਅ ’ਤੇ ਲਗਾਵੇਗਾ।
ਕਿਸਾਨਾਂ ਦੀ ਜਿੱਤ ਅਧੂਰੀ, ਕਿਉਂਕਿ ਘੱਟ ਤੋਂ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਨਹੀਂ ਹੈ
ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ’ਤੇ 7 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਖੁਦਕੁਸ਼ੀਆਂ ਹੋ ਰਹੀਆਂ ਹਨ। ਸਰਕਾਰ ਦੇ ਵਾਅਦੇ ਖਜ਼ਾਨਾ ਖਾਲੀ ਹੋਣ ਦੇ ਕਾਰਣ ਪੂਰੇ ਨਹੀਂ ਹੋ ਰਹੇ ਪਰ ਉਹ ਬਦਲਾਅ ਲਿਆਉਣਗੇ। ਸਿੱਧੂ ਨੇ ਕਿਹਾ ਕਿ ਉਹ ਪੰਜਾਬ ਦੇ ਖਜ਼ਾਨੇ ’ਚ 30-35 ਕਰੋੜ ਰੁਪਏ ਲਿਆਉਣਗੇ, ਜਿਸ ’ਚ ਰੇਤ ਕਾਰੋਬਾਰ ਤੋਂ 2 ਹਜ਼ਾਰ ਕਰੋੜ, ਸ਼ਰਾਬ ਕਾਰੋਬਾਰ ਤੋਂ 20 ਹਜ਼ਾਰ ਕਰੋੜ ਤਕ ਆਉਣਗੇ। ਸਿੱਧੂ ਨੇ ਕਿਹਾ ਕਿ ਕਿਸਾਨਾਂ ਦੀ ਜਿੱਤ ਅਜੇ ਅਧੂਰੀ ਹੈ, ਕਿਉਂਕਿ ਅਜੇ ਤੱਕ ਘੱਟ ਤੋਂ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਨਹੀਂ ਹੈ। ਇਹ ਗਾਰੰਟੀ ਨਹੀਂ ਤਾਂ ਪੰਜਾਬ ਨਹੀਂ ਹੈ।
ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ’ਤੇ ਸਾਧਿਆ ਨਿਸ਼ਾਨਾ, ਕਿਹਾ-ਕੇਬਲ ’ਤੇ ਏਕਾਧਿਕਾਰ ਖਤਮ ਨਹੀਂ ਹੋਣ ਦਿੱਤਾ
ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ’ਤੇ ਹਮਲਾ ਬੋਲਿਆ। ਵੀਰਵਾਰ ਨੂੰ ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਕਿ ਕੇਬਲ ਏਕਾਧਿਕਾਰ ਖਤਮ ਕਰਨ ਲਈ ਉਨ੍ਹਾਂ ਨੇ 2017 ’ਚ ਮੰਤਰੀ ਰਹਿੰਦਿਆਂ ਕਾਨੂੰਨ ਪ੍ਰਸਤਾਵਿਤ ਕੀਤਾ ਸੀ ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਨੂੰਨ ਨੂੰ ਰੋਕ ਦਿੱਤਾ। ਇਸ ਕਨੂੰਨ ਨਾਲ ਕੇਬਲ ਏਕਾਧਿਕਾਰ ਖ਼ਤਮ ਹੋ ਜਾਂਦਾ। ਪ੍ਰਤੀ ਕੁਨੈਕਸ਼ਨ ਤੋਂ ਰਾਜ ਲਈ ਮਾਲੀਆ ਪ੍ਰਾਪਤ ਹੁੰਦਾ ਅਤੇ ਲੋਕਾਂ ਲਈ ਟੀ.ਵੀ. ਕੇਬਲ ਦੀਆਂ ਕੀਮਤਾਂ ਅੱਧੀਆਂ ਹੋ ਜਾਂਦੀਆਂ। ਸਿੱਧੂ ਨੇ ਕਿਹਾ ਕਿ ਸਰਕਾਰ ਦੇ ਨਾਲ ਕੇਬਲ ਦਾ ਜੋ ਅੰਕੜਾ ਸਾਂਝਾ ਕੀਤਾ ਗਿਆ ਹੈ, ਉਸ ਦੀ ਤੁਲਣਾ ਇਕ ਹੀ ਕੰਪਨੀ ਕੋਲ 3-4 ਗੁਣਾ ਟੀ.ਵੀ. ਕੁਨੈਕਸ਼ਨ ਹਨ। ਬਾਦਲ ਨੇ ਏਕਾਧਿਕਾਰ ਲਈ ਰੱਖਿਆ ਲਈ ਕਾਨੂੰਨ ਬਣਾਏ।
ਸਿੱਧੂ ਨੇ ਲਿਖਿਆ ਕਿ ਉਨ੍ਹਾਂ ਨੇ 5 ਸਾਲ ਪਹਿਲਾਂ ਮਲਟੀ ਸਿਸਟਮ ਆਪ੍ਰੇਟਰ-ਫਾਸਟਵੇਅ ਦੇ ਏਕਾਧਿਕਾਰ ਤੋਂ ਛੁਟਕਾਰਾ ਪਾਉਣ ਲਈ, ਹਜ਼ਾਰਾਂ ਕਰੋੜ ਟੈਕਸਾਂ ਦੀ ਵਸੂਲੀ ਲਈ, ਸਥਾਨਕ ਆਪ੍ਰੇਟਰਾਂ ਨੂੰ ਸਸ਼ਕਤ ਬਣਾਉਣ ਅਤੇ ਲੋਕਾਂ ਨੂੰ ਸਸਤੀ ਕੇਬਲ ਦੇਣ ਦੀ ਨੀਤੀ ਸਾਹਮਣੇ ਰੱਖੀ ਸੀ। ਫਾਸਟਵੇਅ ਖਿਲਾਫ਼ ਜ਼ਰੂਰੀ ਕਾਰਵਾਈ ਦੇ ਬਿਨਾਂ ਕੇਬਲ ਸੰਕਟ ਨੂੰ ਲੈ ਕੇ ਹੱਲ ਦਾ ਸੁਝਾਅ ਦੇਣਾ ਗਲਤ ਹੈ।