ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਖੇਤੀਬਾੜੀ ਕਾਨੂੰਨ ਦੀ ਵਾਪਸੀ ਨੂੰ ਕੇਂਦਰੀ ਕੈਬਨਿਟ ਵਲੋਂ ਵੀ ਮਨਜ਼ੂਰੀ ਮਿਲ ਗਈ ਹੈ। ਹੁਣ ਇਸ ਨੂੰ ਹਟਾਉਣ ਲਈ ਸੰਸਦ ਵਿੱਚ ਬਿੱਲ ਲਿਆਇਆ ਜਾਵੇਗਾ। ਉਥੇ ਹੀ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੇ ਫੈਸਲੇ ਤੋਂ ਬਾਅਦ ਵੀ ਕਿਸਾਨ ਆਪਣੇ ਅੰਦੋਲਨ ‘ਤੇ ਡਟੇ ਹੋਏ ਹਨ।
ਕਿਸਾਨਾਂ ਦੀ ਅਜੇ ਵੀ ਸਰਕਾਰ ਤੋਂ ਕੁੱਝ ਮੰਗਾਂ ਹਨ ਜਿਨ੍ਹਾਂ ਨੂੰ ਲੈ ਕੇ ਉਹ ਅੰਦੋਲਨ ਖ਼ਤਮ ਕਰਨ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੇ ਹੈ। ਅਜਿਹੇ ਵਿੱਚ ਜਦੋਂ ਕਿਸਾਨ ਨੇਤਾ ਰਾਕੇਸ਼ ਟਿਕੈਤ ਤੋਂ ਪੁੱਛਿਆ ਕਿ ਅਖੀਰ ਕਿਸਾਨ ਅੰਦੋਲਨ ਕਦੋਂ ਖ਼ਤਮ ਹੋਵੇਗਾ ਤਾਂ ਉਨ੍ਹਾਂ ਨੇ ਸਰਕਾਰ ਦੇ ਸਾਹਮਣੇ ਕਈ ਮੰਗਾਂ ਰੱਖੀਆਂ।
ਟਿਕੈਤ ਨੇ ਕਿਹਾ, ਕਾਨੂੰਨ ਨੂੰ ਵਾਪਸ ਲੈਣ ਦਾ ਅਚਾਨਕ ਐਲਾਨ ਸਾਡੇ ਲਈ ਹੈਰਾਨ ਕਰਨ ਵਾਲਾ ਸੀ ਪਰ ਅਸੀਂ ਇਸਦਾ ਸਵਾਗਤ ਕਰਦੇ ਹਾਂ। ਠੀਕ ਹੈ ਅੰਦੋਲਨ ਖ਼ਤਮ ਹੋ ਜਾਣਾ ਚਾਹੀਦਾ ਹੈ ਪਰ 2-3 ਚੀਜਾਂ ਹਨ, ਜੋ 700 ਤੋਂ ਜ਼ਿਆਦਾ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਹਾਂ ਉਨ੍ਹਾਂ ਨੂੰ ਸਰਕਾਰ ਮੁਆਵਜ਼ੇ ਦੇਵੇ ਅਤੇ ਉਨ੍ਹਾਂ ਦਾ ਸਮਾਰਕ ਬਣਾਉਣ ਲਈ ਜ਼ਮੀਨ ਉਪਲੱਬਧ ਕਰਵਾਏ। ਇੰਨਾ ਹੀ ਨਹੀਂ ਕਿਸਾਨਾਂ ‘ਤੇ ਦਰਜ ਕੀਤੇ ਗਏ ਕੇਸ ਨੂੰ ਵੀ ਵਾਪਸ ਲੈਣ ਦੀ ਉਨ੍ਹਾਂ ਨੇ ਮੰਗ ਰੱਖੀ।
ਉਥੇ ਹੀ ਟਿਕੈਤ ਨੇ MSP ਨੂੰ ਲੈ ਕੇ ਕਿਹਾ ਕਿ ਐੱਮ.ਐੱਸ.ਪੀ. ਦੀ ਮੰਗ ਅੰਦੋਲਨ ਦਾ ਹਿੱਸਾ ਹੈ ਪਰ ਸਰਕਾਰ ਇਸ ‘ਤੇ ਕਾਨੂੰਨ ਬਣਾਉਣਾ ਨਹੀਂ ਚਾਹੁੰਦੀ ਹੈ। ਉਥੇ ਹੀ 29 ਨਵੰਬਰ ਨੂੰ ਸੰਭਾਵਿਕ ਟ੍ਰੈਕਟਰ ਰੈਲੀ ਨੂੰ ਲੈ ਕੇ ਟਿਕੈਤ ਨੇ ਕਿਹਾ ਕਿ ਕਿਸਾਨ ਮੋਰਚਾ ਇਸ ‘ਤੇ 27 ਤਾਰੀਖ ਨੂੰ ਅੰਤਿਮ ਫੈਸਲਾ ਲਵੇਗਾ। ਟਿਕੈਤ ਨੇ ਕਿਹਾ ਇੱਕ ਸਾਲ ਤੋਂ ਸਾਡਾ ਅੰਦੋਲਨ ਚੱਲ ਰਿਹਾ ਹੈ ਅਤੇ ਤੁਸੀਂ ਹੁਣ ਚਾਹੁੰਦੇ ਹੋ ਅਸੀਂ ਇੰਝ ਹੀ ਘਰ ਚਲੇ ਜਾਈਏ।
ਉਨ੍ਹਾਂ ਕਿਹਾ, ਟ੍ਰੈਕਟਰ ਰੈਲੀ ਸਾਡੇ ਇੱਕ ਸਾਲ ਦੇ ਸੰਘਰਸ਼ ਦਾ ਜਸ਼ਨ ਹੋਵੇਗਾ। ਅਸੀਂ 29 ਨੂੰ ਖੁਸ਼ੀ ਜ਼ਾਹਿਰ ਕਰਾਂਗੇ, ਕੋਈ ਦੰਗਾ ਨਹੀ ਕਰਾਂਗੇ। ਉਨ੍ਹਾਂ ਕਿਹਾ, 26 ਨਵੰਬਰ ਨੂੰ ਮੀਟਿੰਗ ਹੈ ਜਿਸ ਵਿੱਚ ਸ਼ਾਮਲ ਹੋਣ ਉਹ ਦਿੱਲੀ ਜਾਣਗੇ। ਰਾਕੇਸ਼ ਟਿਕੈਤ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਖ਼ਤਮ ਕਰਨ ਦਾ ਜੋ ਫੈਸਲਾ ਲਿਆ ਹੈ ਉਹ ਵੀ ਇੱਕਪਾਸੜ ਹੈ ਕਿਉਂਕਿ ਉਹ ਕਿਸਾਨਾਂ ਨਾਲ ਗੱਲ ਨਹੀਂ ਕਰ ਰਹੀ ਹੈ।