ਜਲੰਧਰ– ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਬੁੱਧਵਾਰ ਨੂੰ ਜਲੰਧਰ ਵਿਚ ਵਪਾਰੀਆਂ, ਕਾਰੋਬਾਰੀਆਂ, ਉਦਯੋਗਪਤੀਆਂ ਅਤੇ ਦੁਕਾਨਦਾਰਾਂ ਨਾਲ ਰੂਬਰੂ ਹੋਏ ਤਾਂ ਕਿ ਪੰਜਾਬ ਦੇ ਉਦਯੋਗ ਜਗਤ ਨੂੰ ਸੰਸਾਰਿਕ ਪੱਧਰ ’ਤੇ ਪਛਾਣ ਦਿਵਾ ਕੇ ਇਕ ਨਵੇਂ ਪੰਜਾਬ ਦੀ ਇਬਾਰਤ ਲਿਖੀ ਜਾ ਸਕੇ। ਇਸ ਦੌਰਾਨ ਸਿਸੋਦੀਆ ਸਾਹਮਣੇ ਆਪਣੀਆਂ ਸਮੱਸਿਆਵਾਂ, ਚੁਣੌਤੀਆਂ ਅਤੇ ਹੱਲ ਲੈ ਕੇ ਵੱਖ-ਵੱਖ ਇੰਡਸਟਰੀ ਤੋਂ ਕਈ ਨਾਮੀ ਅਤੇ ਛੋਟੇ-ਵੱਡੇ ਕਾਰੋਬਾਰੀ ਪਹੁੰਚੇ। ਟਰੈਵਲ-ਟੂਰਿਜ਼ਮ ਅਤੇ ਹਾਸਪੀਟੈਲਿਟੀ ਇੰਡਸਟਰੀ, ਲੈਦਰ ਇੰਡਸਟਰੀ, ਸਪੋਰਟਸ ਇੰਡਸਟਰੀ, ਟਰਾਂਸਪੋਰਟ ਇੰਡਸਟਰੀ ਅਤੇ ਸੈਲੂਨ ਸਮੇਤ ਹੋਰ ਵੱਖ-ਵੱਖ ਇੰਡਸਟਰੀਆਂ ਨਾਲ ਸਬੰਧਤ ਉਦਯੋਗਪਤੀਆਂ, ਕਾਰੋਬਾਰੀਆਂ ਅਤੇ ਵਪਾਰੀਆਂ ਨੇ ਮਨੀਸ਼ ਸਿਸੋਦੀਆ ਨੂੰ ਆਪਣੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਸਾਂਝੀਆਂ ਕਰ ਕੇ ‘ਆਪ’ ਦੀ ਸਰਕਾਰ ਬਣਨ ’ਤੇ ਉਨ੍ਹਾਂ ਦੇ ਹੱਲ ਸਮੇਤ ਉਦਯੋਗ ਜਗਤ ਨੂੰ ਮਜ਼ਬੂਤੀ ਪ੍ਰਦਾਨ ਕੀਤੇ ਜਾਣ ਦੀ ਮੰਗ ਉਠਾਈ।
ਮਨੀਸ਼ ਸਿਸੋਦੀਆ ਨੇ ਉਦਯੋਗਪਤੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ’ਤੇ ਇੰਡਸਟਰੀਅਲ ਕ੍ਰਾਂਤੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਪਾਰ ਅਤੇ ਕਾਰੋਬਾਰੀ ਵਧੇਗਾ ਤਾਂ ਹੀ ਰੋਜ਼ਗਾਰ ਵਧੇਗਾ ਅਤੇ ਸਰਕਾਰ ਦਾ ਖਜ਼ਾਨਾ ਵੀ ਭਰੇਗਾ।
ਸਿਸੋਦੀਆ ਨੇ ਟਰੈਵਲ-ਟੂਰਿਜ਼ਮ ਅਤੇ ਹਾਸਪੀਟੈਲਿਟੀ ਇੰਡਸਟਰੀ ਨਾਲ ਸਬੰਧਤ ਇਕ ਕਾਰੋਬਾਰੀ ਦੇ ਸਵਾਲ ਦਾ ਜਵਾਬ ਦਿੰਦਿਆਂ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਟੂਰਿਜ਼ਮ ਨੂੰ ਬੜ੍ਹਾਵਾ ਦੇ ਕੇ ਉਸ ਨੂੰ ਸੰਸਾਰਿਕ ਪੱਧਰ ’ਤੇ ਪਛਾਣ ਦਿਵਾਉਣ ਦਾ ਵਾਅਦਾ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਰਮਨ ਮਿੱਤਲ, ਅਨਿਲ ਠਾਕੁਰ, ਰਾਜਵਿੰਦਰ ਕੌਰ, ਜਲੰਧਰ ਕੈਂਟ ਤੋਂ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ, ਡਾ. ਸੰਜੀਵ ਸ਼ਰਮਾ, ਡਾ. ਸ਼ਿਵਦਿਆਲ ਮਾਲੀ, ਜੋਗਿੰਦਰਪਾਲ ਸ਼ਰਮਾ, ਆਤਮ ਪ੍ਰਕਾਸ਼ ਸਿੰਘ ਬਬਲੂ, ਰਿਕੀ ਮਨੋਚਾ, ਚਰਨਜੀਤ ਚੰਨੀ, ਇੰਦਰਵੰਸ਼ ਸਿੰਘ ਚੱਢਾ, ਇਕਬਾਲ ਸਿੰਘ ਢੀਂਡਸਾ, ਲੱਕੀ ਰੰਧਾਵਾ ਅਤੇ ਬਾਹਰੀ ਸੁਲੇਮਾਨੀ ਹਾਜ਼ਰ ਸਨ।