ਦਿਲਜੀਤ ਦੋਸਾਂਝ ਕਈ ਸਾਲਾਂ ਤਕ ਪੰਜਾਬੀ ਅਤੇ ਹਿੰਦੀ ਇੰਡਸਟਰੀ ‘ਤੇ ਰਾਜ ਕਰਨ ਤੋਂ ਬਾਅਦ ਹੁਣ ਹੌਲੀਵੁੱਡ ਜਾਣ ਲਈ ਤਿਆਰ ਹੈ। ਇਹ ਸਟਾਰ ਇੱਕ ਆਗਾਮੀ ਸੀਰੀਜ਼ Fables ਦੀ ਵੌਇਸ ਕਾਸਟ (ਬੈਕਗ੍ਰਾਊਂਡ ‘ਚ ਕਿਰਦਾਰਾਂ ਲਈ ਆਪਣੀ ਆਵਾਜ਼ ਦੇਣ ਵਾਲੇ ਕਰੂ) ਦਾ ਹਿੱਸਾ ਬਣ ਕੇ ਆਪਣੀ ਹੌਲੀਵੁੱਡ ‘ਚ ਸ਼ੁਰੂਆਤ ਕਰੇਗਾ।
ਦਿਲਜੀਤ ਭਾਰਤ ਦੇ ਸਭ ਤੋਂ ਵੱਡੇ ਪੰਜਾਬੀ ਸਿਤਾਰਿਆਂ ‘ਚੋਂ ਇੱਕ ਹੈ। ਹੌਲੀਵੁੱਡ ਦੀ ਇੱਕ ਸੀਰੀਜ਼ ‘ਚ ਉਸ ਦੇ ਸ਼ਾਮਿਲ ਹੋਣ ਦੀ ਖ਼ਬਰ ਭਾਵੇਂ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ, ਪਰ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ। ਅਸੀਂ ਸਾਰੇ ਜਾਣਦੇ ਹਾਂ ਕਿ ਜੇਕਰ ਪੰਜਾਬ ਤੋਂ ਕੋਈ ਹੌਲੀਵੁਡ ‘ਚ ਥਾਂ ਬਣਾ ਸਕਦਾ ਹੈ ਤਾਂ ਉਹ ਦਿਲਜੀਤ ਦੋਸਾਂਝ ਹੀ ਹੈ ਅਤੇ ਉਸ ਨੇ ਆਖਿਰਕਾਰ ਇਹ ਸਾਬਿਤ ਵੀ ਕਰ ਦਿੱਤਾ ਹੈ।
ਦਿਲਜੀਤ ਦੇ ਨਾਲ ਰਿਕੀ ਯਰਵੇ ਅਤੇ ਨਤਾਸ਼ਾ ਲਿਓਨ (Ricky Gervais & Natasha Lyonne) ਵਰਗੇ ਹਾਲੀਵੁੱਡ ਦੇ ਵੱਡੇ ਸੁਪਰਸਟਾਰ ਵੀ ਇਸ ਹੌਲੀਵੁੱ ਸੀਰੀਜ਼ ਦੀ ਵਾਇਸ ਕਾਸਟ ਦਾ ਹਿੱਸਾ ਬਣਨ ਜਾ ਰਹੇ ਹਨ ਅਤੇ ਦਿਲਜੀਤ ਉਨ੍ਹਾਂ ਨਾਲ ਕੰਮ ਕਰੇਗਾ। ਇਸ ਸੀਰੀਜ਼ ਦਾ ਹਿੱਸਾ ਬਣਨ ਵਾਲੇ ਹੋਰ ਪ੍ਰਸਿੱਧ ਨਾਮ ਹਨ ਜੇਮੇਨ ਕਲੈਮੈਂਟ, ਜੇਬੀ ਸਮੂਵ, ਰੋਮਨ ਗ੍ਰਿਫ਼ਿਨ ਡੇਵਿਸ, ਅਲੈਕਸਾ ਡੈਮੀ ਅਤੇ ਜ਼ੈਕ ਵੁਡਜ਼।
ਪ੍ਰੌਜੈਕਟ ਦੇ ਪਿੱਛੇ ਪ੍ਰੋਡਕਸ਼ਨ ਹਾਊਸ ਬ੍ਰੌਅਨ ਡਿਜੀਟਲ ਹੈ। ਉਹ ਇਸ ਤੋਂ ਪਹਿਲਾਂ ਜੋਕਰ ਅਤੇ ਬਲੈਕ ਮਸੀਹਾ ਵਰਗੀਆਂ ਹਾਲੀਵੁੱਡ ਫ਼ਿਲਮਾਂ ਬਣਾ ਚੁੱਕੇ ਹਨ। Fables ਉਨ੍ਹਾਂ ਦਾ ਅਗਲਾ ਆਉਣ ਵਾਲਾ ਪ੍ਰੌਜੈਕਟ ਹੈ। ਇਹ ਪ੍ਰੋਡਕਸ਼ਨ ਹਾਊਸ ਦਾ ਪਹਿਲਾ ਐਨੀਮੇਟਿਡ ਪ੍ਰੌਜੈਕਟ ਵੀ ਹੈ। ਇਸ ਪ੍ਰੌਜੈਕਟ ‘ਚ ਮਸ਼ਹੂਰ ਕਹਾਣੀਆਂ ਜਿਵੇਂ ਕਿ ਟੋਰਟੋਇਜ਼ ਐਂਡ ਦਾ ਹੇਅਰ, ਦਾ ਲਾਇਨ ਐਂਡ ਦਾ ਮਾਊਸ ਅਤੇ ਦਾ ਬੁਆਏ ਹੂ ਕ੍ਰਾਈਡ ਵੌਲਫ਼ ਪੇਸ਼ ਕੀਤੀਆਂ ਜਾਣਗੀਆਂ।