ਬੌਲੀਵੁਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਤੀਜੀ ਵਾਰ ਨਿਕਾਹ ਕਰਵਾਉਣ ਦੀ ਤਿਆਰੀ ਕਰ ਰਹੇ ਹਨ। ਸੋਸ਼ਲ ਮੀਡੀਆ ਤੇ ਅਜਿਹੇ ਚਰਚੇ ਚੱਲਣ ਤੋਂ ਬਾਅਦ ਟਵਿਟਰ ‘ਤੇ ਵੀ #ਆਮਿਰ ਖ਼ਾਨ ਟ੍ਰੈਂਡ ਹੋ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਆਮਿਰ ਖ਼ਾਨ ਆਪਣੇ ਨਾਲ ਇੱਕ ਫ਼ਿਲਮ ‘ਚ ਕੰਮ ਕਰ ਚੁੱਕੀ ਇੱਕ ਅਦਾਕਾਰਾ ਨਾਲ ਵਿਆਹ ਕਰਨ ਦਾ ਫ਼ੈਸਲਾ ਕਰ ਚੁੱਕੇ ਹਨ। ਦੱਸ ਦੇਈਏ ਕਿ ਖ਼ਾਨ ਆਪਣੀ ਅਗਲੀ ਫ਼ਿਲਮ ਲਾਲ ਸਿੰਘ ਚੱਢਾ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ।
ਅਸਲ ‘ਚ ਆਮਿਰ ਖ਼ਾਨ ਨਹੀਂ ਚਾਹੁੰਦਾ ਕਿ ਫ਼ਿਲਮ ਦੀ ਰਿਲੀਜ਼ ਦੌਰਾਨ ਕੋਈ ਵਿਵਾਦ ਹੋਵੇ। ਇਹੀ ਵਜ੍ਹਾ ਹੈ ਕਿ ਉਸ ਨੇ ਫ਼ਿਲਮ ਲਾਲ ਸਿੰਘ ਚੱਢਾ ਦੀ ਰਿਲੀਜ਼ ਤੋਂ ਬਾਅਦ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਲਾਲ ਸਿੰਘ ਚੱਢਾ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ।
ਹਾਲ ਹੀ ‘ਚ ਹੋਇਆ ਸੀ ਕਿਰਨ ਰਾਓ ਨਾਲ ਤਲਾਕ
ਇਸ ਸਾਲ ਦੇ ਅਗਸਤ ਆਮਿਰ ਖ਼ਾਨ ਨੇ ਐਲਾਨ ਕੀਤਾ ਸੀ ਕਿ ਉਹ ਅਤੇ ਕਿਰਨ ਰਾਓ ਤਲਾਕ ਲੈ ਰਹੇ ਹਨ। ਕਿਰਨ ਖ਼ੁਦ ਇੱਕ ਫ਼ਿਲਮ ਨਿਰਮਾਤਾ ਹੈ ਅਤੇ ਆਮਿਰ ਦੀ ਦੂਸਰੀ ਪਤਨੀ ਹੈ। ਦੋਵਾਂ ਨੇ ਦਸੰਬਰ 2005 ‘ਚ ਵਿਆਹ ਰਚਾਇਆ ਸੀ। ਦੋਵਾਂ ਦਾ ਇੱਕ ਪੁੱਤਰ ਆਜ਼ਾਦ ਹੈ। ਉੱਥੇ ਆਮਿਰ ਦੀ ਪਹਿਲੀ ਪਤਨੀ ਰੀਨਾ ਦੱਤਾ ਤੋਂ ਆਮਿਰ ਖ਼ਾਨ ਦੇ ਦੋ ਬੱਚੇ ਈਰਾ ਅਤੇ ਜੁਨੈਦ ਹਨ।
ਇਸ ਦੌਰਾਨ ਆਮਿਰ ਖ਼ਾਨ ਦਾ ਨਾਂ ਫ਼ਾਤਿਮਾ ਸਨਾ ਸ਼ੇਖ਼ ਨਾਲ ਜੋੜਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਵਿਚਾਲੇ ਅਫ਼ੇਅਰ ਚੱਲ ਰਿਹਾ ਹੈ। ਫ਼ਾਤਿਮਾ ਸਨਾ ਸ਼ੇਖ਼ ਉਹੀ ਹੈ ਜੋ 2016 ਦੀ ਫ਼ਿਲਮ ਦੰਗਲ ‘ਚ ਆਮਿਰ ਖ਼ਾਨ ਦੇ ਨਾਲ ਨਜ਼ਰ ਆਈ ਸੀ। ਸਨਾ ਨੇ ਇਸ ਫ਼ਿਲਮ ‘ਚ ਆਮਿਰ ਦੀ ਧੀ ਦਾ ਕਿਰਦਾਰ ਨਿਭਾਇਆ ਸੀ।
14 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਲਾਲ ਸਿੰਘ ਚੱਢਾ
ਆਮਿਰ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਸਟਾਰਰ ਫ਼ਿਲਮ ਲਾਲ ਸਿੰਘ ਚੱਢਾ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫ਼ਿਲਮ 14 ਅਪ੍ਰੈਲ 2022 ਯਾਨੀ ਵਿਸਾਖੀ ‘ਤੇ ਦੁਨੀਆਂ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਲਾਲ ਸਿੰਘ ਚੱਢਾ ਨੂੰ ਆਮਿਰ ਖ਼ਾਨ ਅਤੇ ਕਿਰਨ ਰਾਓ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਇਹ ਅਦਵੈਤ ਚੰਦਨ ਵਲੋਂ ਡਾਇਰੈਕਟ ਕੀਤੀ ਗਈ ਹੈ, ਇਸ ਫ਼ਿਲਮ ਦਾ ਸੰਗੀਤ ਪ੍ਰੀਤਮ ਵਲੋਂ ਦਿੱਤਾ ਗਿਆ ਹੈ ਅਤੇ ਗੀਤ ਅਮਿਤਾਭ ਭੱਟਾਚਾਰੀਆ ਦੇ ਹਨ। ਇਹ ਫ਼ਿਲਮ 1994 ਦੀ ਟੌਮ ਹੈਂਕਸ ਦੀ ਬਲੌਕਬਸਟਰ ਮੂਵੀ ਫ਼ੌਰੈੱਸਟ ਗੰਪ ‘ਤੇ ਆਧਾਰਿਤ ਹੈ।