ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਤੇ ਆਪਣੇ ਪ੍ਰਸ਼ੰਸਕਾਂ ਨੂੰ ਬੈਕ-ਟੂ-ਬੈਕ ਪ੍ਰੌਜੈਕਟਾਂ ਨਾਲ ਸਰਪ੍ਰਾਈਜ਼ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਹੁਣ ਲਗਾਤਾਰ ਕੁੱਝ ਦਿਨਾਂ ਤੋਂ ਦਿਲਚਸਪ ਐਲਾਨ ਕਰ ਕੇ ਵੀ ਸਭ ਨੂੰ ਹੈਰਾਨ ਕਰ ਰਹੇ ਹਨ। ਹੁਣ ਉਹ ਸਮਾਂ ਹੈ ਜਦੋਂ ਉਸ ਨੇ ਆਉਣ ਵਾਲੀ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ ਜਿਸ ਦਾ ਐਲਾਨ ਕੁੱਝ ਹਫ਼ਤੇ ਪਹਿਲਾਂ ਹੀ ਕੀਤਾ ਗਿਆ ਸੀ।
ਫ਼ਿਲਮ ਯਾਰ ਮੇਰਾ ਤਿਤਲੀਆਂ ਵਾਰਗਾ ਦੇ ਮੇਕਰਜ਼ ਵਲੋਂ ਇੱਕ ਇਨਸਟਾਗ੍ਰੈਮ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਮੁਤਾਬਿਕ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਬੀਤੇ ਸ਼ੁੱਕਰਵਾਰ ਨੂੰ ਫ਼ਿਲਮ ਦੀ ਸ਼ੂਟਿੰਗ ਦਾ ਮਹੂਰਤ ਸੀ। ਅਕਤੂਬਰ ਦੇ ਅਖੀਰ ‘ਚ ਫ਼ਿਲਮ ਦਾ ਐਲਾਨ ਕੀਤਾ ਗਿਆ ਸੀ ਅਤੇ ਟੀਮ ਨੇ ਸ਼ੂਟ ਦੀ ਸ਼ੁਰੂਆਤ ਦਾ ਨਵਾਂ ਐਲਾਨ ਕਰ ਕੇ ਦੱਸਿਆ ਕਿ ਇਸ ਫ਼ਿਲਮ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਇਹ ਫ਼ਿਲਮ ਵਿਕਾਸ ਵਸ਼ਿਸ਼ਟ ਦੇ ਨਿਰਦੇਸ਼ਨ ਵਾਲੀ ਡੈਬਿਊ ਫ਼ਿਲਮ ਹੈ। ਗਿੱਪੀ ਗਰੇਵਾਲ ਅਤੇ ਤਨੂੰ ਗਰੇਵਾਲ ਫ਼ਿਲਮ ‘ਚ ਮੁੱਖ ਭੂਮਿਕਾਵਾਂ ਨਿਭਾਉਣਗੇ ਤੇ ਕਰਮਜੀਤ ਅਨਮੋਲ, ਰਾਜ ਧਾਲੀਵਾਲ ਅਤੇ ਹੋਰ ਸਹਾਇਕ ਭੂਮਿਕਾਵਾਂ ‘ਚ ਆਪਣੀ ਮੌਜੂਦਗੀ ਦਰਸਾਉਂਦੇ ਹੋਏ ਨਜ਼ਰ ਆਉਣਗੇ। ਗਿੱਪੀ ਗਰੇਵਾਲ ਨੇ ਯਾਰ ਮੇਰਾ ਤਿਤਲੀਆਂ ਵਾਰਗਾ ਨੂੰ ਪ੍ਰੋਡਿਊਸ ਕਰਨ ਦਾ ਫ਼ੈਸਲਾ ਕੀਤਾ ਹੈ।
ਜਿਵੇਂ ਕਿ ਨਿਰਮਾਤਾਵਾਂ ਵਲੋਂ ਪਹਿਲਾਂ ਹੀ ਖ਼ੁਲਾਸਾ ਕੀਤਾ ਗਿਆ ਹੈ, ਇਹ ਫ਼ਿਲਮ ਸਾਲ 2022 ‘ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਨਰੇਸ਼ ਕਥੂਰੀਆ ਨੇ ਲਿਖਿਆ ਹੈ ਅਤੇ ਇਸ ਨੂੰ ਹੰਬਲ ਮੋਸ਼ਨ ਪਿਕਚਰਜ਼ ਦੇ ਲੇਬਲ ਹੇਠ ਪੇਸ਼ ਕੀਤਾ ਜਾਵੇਗਾ। ਹੈਪੀ ਰਾਏਕੋਟੀ, ਜਤਿੰਦਰ ਸ਼ਾਹ, ਮਿਕਸ ਸਿੰਘ ਅਤੇ ਹੋਰ ਫ਼ਿਲਮ ਦੇ ਸੰਗੀਤ ਨੂੰ ਸੰਭਾਲ ਰਹੇ ਹਨ।