ਚੰਡੀਗੜ੍ਹ  : ਕੇਂਦਰ ਸਰਕਾਰ ਨੇ ਪੰਜਾਬ, ਰਾਜਸਥਾਨ, ਕੇਰਲ, ਜੰਮੂ-ਕਸ਼ਮੀਰ ਅਤੇ ਨਾਗਾਲੈਂਡ ਸਮੇਤ 13 ਸੂਬਿਆਂ ਵਿਚ ਕੋਵਿਡ ਜਾਂਚ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਿਚ ਸਕੱਤਰ ਰਾਜੇਸ਼ ਭੂਸ਼ਨ ਨੇ ਇਨ੍ਹਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੇ ਮੁੱਖ ਸਕੱਤਰਾਂ ਅਤੇ ਸਿਹਤ ਸਕੱਤਰਾਂ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਦੇਸ਼ ਵਿਚ ਕੋਵਿਡ ਇਨਫੈਕਸ਼ਨ ਦੇ ਪ੍ਰਕੋਪ ਅਤੇ ਫੈਲਾਅ ਵਿਚ ਕਮੀ ਨਜ਼ਰ ਆ ਰਹੀ ਹੈ ਪਰ ਕੁੱਝ ਵਿਸ਼ੇਸ਼ ਖੇਤਰਾਂ ਵਿਚ ਆਬਾਦੀ ਮੁਤਾਬਕ ਕੋਵਿਡ ਪ੍ਰੀਖਣ ਵਿਚ ਕਮੀ ਆਈ ਹੈ।

ਸੂਬਿਆਂ ਨੂੰ ਤਿਉਹਾਰਾਂ, ਵਿਆਹਾਂ ਆਦਿ ਮੌਕਿਆਂ ’ਤੇ ਵਿਸ਼ੇਸ਼ ਤੌਰ ’ਤੇ ਕੋਵਿਡ ਪ੍ਰੀਖਣ ਵਧਾਉਣੇ ਚਾਹੀਦੇ ਹਨ। ਇਹ ਚਿੱਠੀ ਨਾਗਾਲੈਂਡ, ਸਿੱਕਮ, ਮਹਾਰਾਸ਼ਟਰ, ਕੇਰਲ, ਗੋਆ, ਮਣੀਪੁਰ, ਮੇਘਾਲਿਆ, ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ, ਪੱਛਮੀ ਬੰਗਾਲ ਅਤੇ ਲੱਦਾਖ ਨੂੰ ਭੇਜੀ ਗਈ ਹੈ।

ਚਿੱਠੀ ਵਿਚ ਕੇਂਦਰ ਸਰਕਾਰ ਨੇ ਸਭ ਖੇਤਰਾਂ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਹੈ। ਕੇਂਦਰ ਨੇ ਚਿੱਠੀ ਵਿਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੀ ਜ਼ਿਲ੍ਹੇ ਮੁਤਾਬਕ ਆਬਾਦੀ ਅਤੇ ਕੋਵਿਡ ਪ੍ਰੀਖਣ ਦਾ ਵੇਰਵਾ ਵੀ ਦਿੱਤਾ ਹੈ।