ਸ਼੍ਰੀਨਗਰ – ਪੀ.ਡੀ.ਪੀ. ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਅਸੀਂ ਗੋਡਸੇ ਦੇ ਹਿੰਦੁਸਤਾਨ ਦੇ ਨਾਲ ਨਹੀਂ ਰਹਿ ਸਕਦੇ। ਸਾਨੂੰ ਗਾਂਧੀ, ਨਹਿਰੂ ਦਾ ਹਿੰਦੁਸਤਾਨ ਚਾਹੀਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਜੰਮੂ-ਕਸ਼ਮੀਰ ਨੂੰ ਆਪਣੇ ਨਾਲ ਰੱਖਣਾ ਹੈ ਤਾਂ 370, 35ਏ ਅਤੇ ਕਸ਼ਮੀਰ ਦਾ ਮਸਲਾ ਹੱਲ ਕਰਨ ਦੇ ਨਾਲ ਰੱਖਣਾ ਹੋਵੇਗਾ। ਮਹਿਬੂਬਾ ਮੁਫਤੀ ਨੇ ਬਨਿਹਾਲ ਵਿੱਚ ਇੱਕ ਜਨਸਭਾ ਵਿੱਚ ਕਿਹਾ ਕਿ ਡੰਡੇ, ਬੰਦੂਕਾਂ, ਲਾਸ਼ਾਂ ਨੂੰ ਦਬਾਉਣ ਦੇ ਜ਼ੋਰ ‘ਤੇ ਕਸ਼ਮੀਰ ਨੂੰ ਨਾਲ ਨਹੀਂ ਰੱਖ ਸਕਦੇ। ਬੰਦੂਕ ਦੇ ਜ਼ੋਰ ‘ਤੇ ਅਮਰੀਕਾ ਵੀ ਅਫਗਾਨਿਸਤਾਨ ‘ਤੇ ਰਾਜ ਨਹੀਂ ਕਰ ਸਕਿਆ।
ਮਹਿਬੂਬਾ ਮੁਫਤੀ ਨੇ ਕੇਂਦਰ ਨੂੰ ਕਿਹਾ ਕਿ ਜੇਕਰ ਉਹ ਕਸ਼ਮੀਰ ਰੱਖਣਾ ਚਾਹੁੰਦਾ ਹੈ ਤਾਂ ਆਰਟੀਕਲ 370 ਬਹਾਲ ਕਰੇ ਅਤੇ ਕਸ਼ਮੀਰ ਮੁੱਦੇ ਦਾ ਹੱਲ ਕਰੇ। ਉਨ੍ਹਾਂ ਕਿਹਾ ਕਿ ਲੋਕ ‘ਆਪਣੀ ਪਛਾਣ ਅਤੇ ਸਨਮਾਨ’ ਵਾਪਸ ਚਾਹੁੰਦੇ ਹਨ ਅਤੇ ਉਹ ਵੀ ਵਿਆਜ ਦੇ ਨਾਲ। ਮਹਿਬੂਬਾ ਮੁਫਤੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੇ ਸਾਡੀ ਕਿਸਮਤ ਦਾ ਫੈਸਲਾ ਮਹਾਤਮਾ ਗਾਂਧੀ ਦੇ ਭਾਰਤ ਦੇ ਨਾਲ ਕੀਤਾ ਸੀ, ਜਿਨ੍ਹਾਂ ਨੇ ਸਾਨੂੰ ਆਰਟੀਕਲ 370 ਦਿੱਤਾ, ਸਾਡਾ ਆਪਣਾ ਸੰਵਿਧਾਨ ਅਤੇ ਝੰਡਾ ਦਿੱਤਾ ਅਤੇ (ਨਾਥੂਰਾਮ) ਗੋਡਸੇ ਦੇ ਨਾਲ ਨਹੀਂ ਰਹਿ ਸਕਦੇ।
ਮਹਿਬੂਬਾ ਨੇ ਲੋਕਾਂ ਤੋਂ ਇੱਕਜੁਟ ਹੋਣ ਅਤੇ ਸੰਵਿਧਾਨ ਦੁਆਰਾ ਦਿੱਤਾ ਹੋਇਆ ਵਿਸ਼ੇਸ਼ ਦਰਜਾ ਬਹਾਲ ਕਰਨ ਦੇ ਸਮਰਥਨ ਵਿੱਚ ਉਨ੍ਹਾਂ ਦੇ ਸੰਘਰਸ਼ ਅਤੇ ਲੋਕਾਂ ਦੀ ਪਛਾਣ ਅਤੇ ਸਨਮਾਨ ਦੀ ਸੁਰੱਖਿਆ ਲਈ ਆਪਣੀ ਆਵਾਜ਼ ਬੁਲੰਦ ਕਰਨ ਨੂੰ ਕਿਹਾ ਪੀ.ਡੀ.ਪੀ. ਪ੍ਰਮੁੱਖ ਨੇ ਕਿਹਾ, ‘‘ਅਸੀਂ ਮਹਾਤਮਾ ਗਾਂਧੀ ਦੇ ਭਾਰਤ ਦੇ ਨਾਲ ਆਪਣੀ ਕਿਸਮਤ ਦਾ ਫੈਸਲਾ ਕੀਤਾ, ਜਿਨ੍ਹਾਂ ਨੇ ਸਾਨੂੰ ਆਰਟੀਕਲ 370, ਸਾਡਾ ਸੰਵਿਧਾਨ ਅਤੇ ਝੰਡਾ ਦਿੱਤਾ। ਜੇਕਰ ਉਹ ਸਾਡੀ ਹਰ ਚੀਜ਼ ਖੌਹ ਲੈਣਗੇ ਤਾਂ ਅਸੀਂ ਵੀ ਆਪਣਾ ਫੈਸਲਾ ਵਾਪਸ ਲੈ ਲਵਾਂਗੇ। ਉਨ੍ਹਾਂ ਨੂੰ ਸੋਚਣਾ ਹੋਵੇਗਾ ਕਿ ਜੇਕਰ ਉਹ ਆਪਣੇ ਨਾਲ ਜੰਮੂ-ਕਸ਼ਮੀਰ ਨੂੰ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਰਟੀਕਲ 370 ਬਹਾਲ ਕਰਨਾ ਹੋਵੇਗਾ ਅਤੇ ਕਸ਼ਮੀਰ ਮੁੱਦੇ ਦਾ ਹੱਲ ਕਰਨਾ ਹੋਵੇਗਾ।’’