ਨੈਸ਼ਨਲ ਡੈਸਕ– ਯੋਗੀ ਸਰਕਾਰ ਯਮੁਨਾ ਐਕਸਪ੍ਰੈੱਸ-ਵੇ ਦਾ ਨਾਂ ਬਦਲਣ ’ਤੇ ਵਿਚਾਰ ਕਰ ਰਹੀ ਹੈ। ਖਬਰ ਹੈ ਕਿ ਉਤਰ-ਪ੍ਰਦੇਸ਼ ਸਰਕਾਰ ਯਮੁਨਾ ਐਕਸਪ੍ਰੈੱਸ-ਵੇ ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਨਾਂ ’ਤੇ ਰੱਖਣ ਬਾਰੇ ਸੋਚ ਰਹੀ ਹੈ। ਸੂਤਰਾਂ ਮੁਤਾਬਕ, ਜੇਵਰ ਏਅਰਪੋਰਟ ਦੇ ਭੂਮੀ ਪੂਜਨ ਦੌਰਾਨ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ। 25 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇਵਰ ਆ ਰਹੇ ਹਨ, ਜਿਥੇ ਉਹ ਦੇਸ਼ ਦੇ ਸਭ ਤੋਂ ਵੱਡੇ ਏਅਰਪੋਰਟ ਦਾ ਭੂਮੀ ਪੂਜਨ ਕਰਨਗੇ ਅਤੇ ਇਕ ਵੱਡੀ ਰੈਲੀ ਨੂੰ ਵੀ ਸੰਬੋਧਨ ਕਰਨਗੇ।
ਸੂਤਰਾਂ ਮੁਤਾਬਕ, ਉਸ ਰੈਲੀ ਦੌਰਾਨ ਹੀ ਪੀ.ਐੱਮ. ਮੋਦੀ ਦੁਆਰਾ ਯਮੁਨਾ ਐਕਸਪ੍ਰੈੱਸ-ਵੇ ਦੇ ਨਵੇਂ ਨਾਂ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ। ਯਮੁਨਾ ਐਕਸਪਰੈੱਸ-ਵੇ ਦਾ ਨਾਂ ਬਦਲ ਕੇ ਅਟਲ ਬਿਹਾਰੀ ਵਾਜਪਾਈ ਐਕਸਪ੍ਰੈੱਸ-ਵੇ ਰੱਖਿਆ ਜਾਵੇਗਾ। ਭਾਜਪਾ ਦੇ ਇਕ ਸੀਨੀਅਰ ਨੇਤਾ ਮੁਤਾਬਕ, ਇਹ ਫੈਸਲਾ ਇਸ ਲਈ ਲਿਆ ਜਾ ਰਿਹਾ ਹੈ, ਜਿਸ ਨਾਲ ਭਾਰਤ ਦੇ ਸਭ ਤੋਂ ਮਹਾਨ ਅਤੇ ਲੋਕਪ੍ਰਸਿੱਧ ਨੇਤਾ ਨੂੰ ਉੱਚਿਤ ਸਨਮਾਨ ਦਿੱਤਾ ਜਾ ਸਕੇ।
ਸੀਨੀਅਰ ਨੇਤਾ ਮੁਤਾਬਕ, ਅਟਲ ਜੀ ਭਾਜਪਾ ਦੇ ਹੀ ਨਹੀਂ, ਪੂਰੇ ਦੇਸ਼ ਦੇ ਲੋਕਪ੍ਰਸਿੱਧ ਨੇਤਾ ਰਹੇ ਹਨ, ਉਨ੍ਹਾਂ ਨੂੰ ਸਾਰੇ ਪਸੰਦ ਕਰਦੇ ਸਨ। ਯੂ.ਪੀ. ਵਿਧਾਨ ਸਭਾ ਤੋਂ ਪਹਿਲਾਂ ਯਮੁਨਾ ਐਕਸਪ੍ਰੈੱਸ-ਵੇ ਦਾ ਨਾਂ ਬਦਲ ਕੇ ਭਾਜਪਾ ਵੱਡਾ ਦਾਅ ਖੇਡਣ ਜਾ ਰਹੀ ਹੈ। ਇਸ ਦਾਅ ਨਾਲ ਭਾਜਪਾ ਬ੍ਰਾਹਮਣ ਸਮਾਜ ’ਤੇ ਫੋਕਸ ਕਰ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਜਪਾ ਨੇ ਕਈ ਸਥਾਨਾਂ ਅਤੇ ਆਪਣੀਆਂ ਯੋਜਨਾਵਾਂ ਨੂੰ ਵਾਜਪਾਈ ਦੇ ਨਾਂ ’ਤੇ ਸ਼ੁਰੂ ਕੀਤਾ ਹੈ।