ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੇ ਬਾਵਜੂਦ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਉੱਥੇ ਹੀ ਇਸ ਵਿਚ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਮੁਖੀ ਅਸਦੁਦੀਨ ਓਵੈਸੀ ਨੇ ਮੰਗ ਕੀਤੀ ਹੈ ਕਿ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਨਾਗਰਿਕਤਾ ਦੇ ਰਾਸ਼ਟਰੀ ਰਜਿਸਟਰ (ਐੱਨ.ਆਰ.ਸੀ.) ਨੂੰ ਵੀ ਵਾਪਸ ਲਿਆ ਜਾਣਾ ਚਾਹੀਦਾ। ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਓਵੈਸੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੀ.ਏ.ਏ. ਅਤੇ ਐੱਨ.ਆਰ.ਸੀ. ਖ਼ਤਮ ਨਹੀਂ ਕੀਤਾ ਗਿਆ ਤਾਂ ਪ੍ਰਦਰਸ਼ਨਕਾਰੀ ਸੜਕਾਂ ’ਤੇ ਉਤਰਨਗੇ ਅਤੇ ਇਸ ਨੂੰ ਸ਼ਾਹੀਨ ਬਾਗ ’ਚ ਬਦਲ ਦੇਣਗੇ।
ਓਵੈਸੀ ਨੇ ਕਿਹਾ ਕਿ ਸੀ.ਏ.ਏ. ਸੰਵਿਧਾਨ ਵਿਰੁੱਧ ਹੈ ਅਤੇ ਜੇਕਰ ਭਾਜਪਾ ਸਰਕਾਰ ਨੇ ਇਸ ਕਾਨੂੰਨ ਨੂੰ ਵਾਪਸ ਨਹੀਂ ਲਿਆ ਤਾਂ ਅਸੀਂ ਸੜਕਾਂ ’ਤੇ ਉਤਰਾਂਗੇ ਅਤੇ ਇੱਥੇ ਇਕ ਹੋਰ ਸ਼ਾਹੀਨ ਬਾਗ ਬਣੇਗਾ। ਦੱਸਣਯੋਗ ਹੈ ਕਿ ਦਿੱਲੀ ਦਾ ਸ਼ਾਹੀਨ ਬਾਗ ਸੀ.ਏ.ਏ. ਅਤੇ ਐੱਨ.ਆਰ.ਸੀ. ਦੇ ਵਿਰੋਧ ਦਾ ਕੇਂਦਰ ਰਿਹਾ ਸੀ। ਉੱਥੇ ਸੀ.ਏ.ਏ. ਵਿਰੁੱਧ ਅੰਦੋਲਨ ਲਈ ਸੈਂਕੜੇ ਜਨਾਨੀਆਂ ਨੇ ਕਈ ਮਹੀਨਿਆਂ ਤੱਕ ਡੇਰਾ ਲਾਇਆ ਸੀ। ਦਿੱਲੀ ਪੁਲਸ ਨੇ 2020 ਦੀ ਸ਼ੁਰੂਆਤ ’ਚ ਕੋਰੋਨਾ ਮਹਾਮਾਰੀ ਕਾਰਨ ਲਾਕਡਾਊਨ ਤੋਂ ਬਾਅਦ ਧਰਨਾ ਸਥਾਨ ਖਾਲੀ ਕਰਵਾ ਦਿੱਤਾ ਸੀ। ਇਸ ਦੇ ਨਾਲ ਹੀ ਓਵੈਸੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਦਾ ਸਭ ਤੋਂ ਵੱਡਾ ‘ਨੌਟੰਕੀਬਾਜ’ (ਅਭਿਨੇਤਾ) ਦੱਸਦੇ ਹੋਏ ਕਿਹਾ ਸੀ ਕਿ ਸ਼ੁਕਰ ਹੈ ਕਿ ਉਹ ਰਾਜਨੀਤੀ ’ਚ ਆ ਗਏ ਨਹੀਂ ਤਾਂ ਫਿਲਮ ਇੰਡਸਟਰੀ ਵਾਲਿਆਂ ਦਾ ਕੀ ਹੁੰਦਾ। ਸਾਰੇ ਐਵਾਰਡ ਤੋਂ ਮੋਦੀ ਜੀ ਹੀ ਜਿੱਤ ਜਾਂਦੇ।