ਕਿਸਾਨ ਮਹਾਪੰਚਾਇਤ ’ਚ ਹੋਵੇਗਾ ਅੱਗੇ ਦੀ ਰਣਨੀਤੀ ਦਾ ਫ਼ੈਸਲਾ : ਰਾਕੇਸ਼ ਟਿਕੈਤ

ਲਖਨਊ – ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫ਼ੈਸਲੇ ਤੋਂ ਬਾਅਦ ਕਿਸਾਨ ਅੰਦੋਲਨ ਦੀ ਅੱਗੇ ਦੀ ਰਣਨੀਤੀ ਦਾ ਫ਼ੈਸਲਾ ਸੋਮਵਾਰ ਨੂੰ ਲਖਨਊ ’ਚ ਆਯੋਜਿਤ ਕਿਸਾਨ ਮਹਾਪੰਚਾਇਤ ’ਚ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਵਲੋਂ ਆਯੋਜਿਤ ਕਿਸਾਨ ਮਹਾਪੰਚਾਇਤ ’ਚ ਸ਼ਾਮਲ ਹੋਣ ਲਈ ਇੱਥੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਦੱਸਿਆ ਕਿ ਫਿਲਹਾਲ ਅੰਦੋਲਨ ਜਾਰੀ ਹੈ। ਮਹਾਪੰਚਾਇਤ ’ਚ ਅੰਦੋਲਨ ਦੀ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਅੰਦੋਲਨ ’ਚ ਮਾਰੇ ਗਏ 750 ਤੋਂ ਵੱਧ ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦੇਣ, ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦਾ ਕਾਨੂੰਨ ਬਣਾਉਣ ਸਮੇਤ ਹੋਰ ਮੰਗਾਂ ਸਰਕਾਰ ਦੇ ਸਾਹਮਣੇ ਪੇਸ਼ ਕੀਤੇ ਜਾਣ ਦਾ ਪ੍ਰਸਤਾਵ ਵੀ ਮਹਾਪੰਚਾਇਤ ’ਚ ਪੇਸ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ ਨੂੰ ਸਰਕਾਰ ਵਲੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਹੈ।
ਟਿਕੈਤ ਨੇ ਕਿਹਾ ਕਿ ਅੱਜ ਦੀ ਮਹਾਪੰਚਾਇਤ ਦਾ ਮੁੱਖ ਏਜੰਡਾ ਐੱਮ.ਐੱਸ.ਪੀ. ਕਾਨੂੰਨ ਦੀ ਰੂਪਰੇਖਾ ਤੈਅ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖੇਤੀ ਖੇਤਰ ’ਚ ਸੁਧਾਰ ਲਈ ਜੋ ਕਾਨੂੰਨ ਲਿਆਉਣ ਵਾਲੀ ਹੈ, ਉਸ ’ਤੇ ਵੀ ਚਰਚਾ ਹੋਵੇਗੀ। ਇਸ ਵਿਚ ਮਹਾਪੰਚਾਇਤ ’ਚ ਜੁਟ ਰਹੀ ਕਿਸਾਨਾਂ ਦੀ ਭੀੜ ਨੂੰ ਦੇਖਦੇ ਹੋਏ ਲਖਨਊ ਪੁਲਸ ਅਲਰਟ ਮੋਡ ’ਤੇ ਹੈ। ਭਾਰੀ ਗਿਣਤੀ ’ਚ ਕਿਸਾਨਾਂ ਦਾ ਲਖਨਊ ਪਹੁੰਚਣਾ ਜਾਰੀ ਹੈ। ਇਸ ਦੇ ਮੱਦੇਨਜ਼ਰ ਸ਼ਹਿਰ ਦੇ ਕਈ ਇਲਾਕਿਆਂ ’ਚ ਪੂਰੀ ਗਿਣਤੀ ’ਚ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ।