ਅੱਜ ਲਖਨਊ ’ਚ ਕਿਸਾਨ ਮਹਾਪੰਚਾਇਤ, SKM ਨੇ ਟਵੀਟ ਕਰ ਕਿਹਾ- ‘ਜਸਟਿਸ ਫ਼ਾਰ ਲਖੀਮਪੁਰ’

ਲਖਨਊ— ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਇਕ ਸਾਲ ਤੋਂ ਵੱਧ ਸਮੇਂ ਤੋਂ ਅੰਦੋਲਨ ਕਰ ਰਹੇ ਸੰਯੁਕਤ ਕਿਸਾਨ ਮੋਰਚਾ (SKM) ਨੇ ਲਖਨਊ ’ਚ ਅੱਜ ਯਾਨੀ ਕਿ ਸੋਮਵਾਰ ਨੂੰ ਕਿਸਾਨ ਮਹਾਪੰਚਾਇਤ ਬੁਲਾਈ ਹੈ, ਜਿਸ ’ਚ ਕਿਸਾਨ ਮੋਰਚਾ ਅੱਗੇ ਦੀ ਰਣਨੀਤੀ ’ਤੇ ਵਿਚਾਰ ਕਰੇਗਾ। ਇਸ ਤੋਂ ਬਾਅਦ 26 ਨਵੰਬਰ ਨੂੰ ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ਦੀ ਬੈਠਕ ਹੋਵੇਗੀ। ਸੰਯੁਕਤ ਕਿਸਾਨ ਮੋਰਚਾ ਨੇ ਆਪਣੇ ਟਵਿੱਟਰ ’ਤੇ ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਨਿਆਂ ਦੀ ਮੰਗ ਨੂੰ ਲੈ ਕੇ ਲਿਖਿਆ ਕਿ ਇਕ ਸਾਲ ਤੱਕ ਚਲੇ ਵਿਰੋਧ ਪ੍ਰਦਰਸ਼ਨ ਵਿਚ 600 ਤੋਂ ਵਧ ਲੋਕਾਂ ਦੀ ਜਾਨ ਚਲੀ ਗਈ। ਲਖੀਮਪੁਰ ਦੇ ਕਿਸਾਨ ਹੁਣ ਵੀ ਪਰੇਸ਼ਾਨ ਹਨ। ਮੌਤਾਂ ਦਾ ਜ਼ਿੰਮੇਵਾਰ ਕੌਣ? ਕੀ ਸਰਕਾਹ ਜਵਾਬਦੇਹ ਹੋਵੇਗੀ? ਪੂਰਾ ਭਾਰਤ ਚਾਹੁੰਦਾ ਹੈ ਕਿ ਲਖੀਮਪੁਰ ਹਿੰਸਾ ’ਚ ਨਿਆਂ ਮਿਲੇ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਦੇ ਬਾਵਜੂਦ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਘੱਟ ਤੋਂ ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਰੰਟੀ ਦੇਣ ਵਾਲਾ ਕਾਨੂੰਨ ਨਹੀਂ ਬਣਾਉਂਦੀ ਹੈ ਅਤੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਟੇਨੀ ਨੂੰ ਬਰਖ਼ਾਸਤ ਨਹੀਂ ਕਰਦੀ, ਉਦੋਂ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।
ਇਸ ਦਰਮਿਆਨ ਲਖਨਊ ’ਚ ਆਯੋਜਿਤ ਕਿਸਾਨ ਮਹਾਪੰਚਾਇਤ ’ਚ ਸ਼ਾਮਲ ਹੋਣ ਲਈ ਪ੍ਰਦੇਸ਼ ਦੇ ਜ਼ਿਲ੍ਹਿਆਂ ਤੋਂ ਕਿਸਾਨਾਂ ਦਾ ਇਕੱਠ ਕੱਲ੍ਹ ਹੀ ਰਵਾਨਾ ਹੋ ਚੁੱਕਾ ਹੈ। ਬਾਗਪਤ ਦੇ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਆਨ ਪ੍ਰਤਾਪ ਸਿੰਘ ਗੁੱਜਰ ਨੇ ਦੱਸਿਆ ਇਕ ਸੈਂਕੜੇ ਦੀ ਗਿਣਤੀ ਵਿਚ ਕਿਸਾਨ ਆਪਣੇ-ਆਪਣੇ ਵਾਹਨਾਂ ਤੋਂ ਪਹਿਲਾਂ ਹੀ ਲਖਨਊ ਕੂਚ ਕਰ ਚੁੱਕੇ ਹਨ।
ਜ਼ਿਕਰਯੋਗ ਹੈ ਕਿ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਦੇ ਤਿਕੁਨੀਆ ਖੇਤਰ ’ਚ ਕਿਸਾਨਾਂ ਦੇ ਪ੍ਰਦਰਸ਼ ਦੌਰਾਨ ਹੋਈ ਹਿੰਸਾ ’ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋਈ ਸੀ। ਕਿਸਾਨਾਂ ਦਾ ਦੋਸ਼ ਹੈ ਕਿ ਅਜੇ ਕੁਮਾਰ ਮਿਸ਼ਰਾ ਦੇ ਪੁੱਤਰ ਆਸ਼ੀਸ਼ ਨੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰੇਹ ਕਿਸਾਨਾਂ ’ਤੇ ਆਪਣੀ ਗੱਡੀ ਚੜ੍ਹਾ ਦਿੱਤੀ ਅਤੇ ਇਸ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ। ਇਸ ਮਾਮਲੇ ਵਿਚ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਸਮੇਤ ਦਰਜਨ ਭਰ ਤੋਂ ਵਧੇਰੇ ਦੋਸ਼ੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।