ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦਿੱਤੀ ਜਾਵੇ ਜੈੱਡ ਪਲੱਸ ਸੁਰੱਖਿਆ : ਭੱਠਲ

ਬੁਢਲਾਡਾ- ਯੂਥ ਕਾਂਗਰਸ ਦੇ ਸਾਬਕਾ ਨੈਸ਼ਨਲ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਟਰਾਂਸਪੋਰਟ ਸਰਗਰਮ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੰਮਾਂ ਦੀ ਚਰਚਾ ਪੰਜਾਬ ਦੇ ਨਾਲ-ਨਾਲ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਹੋਣ ਲੱਗੀ ਹੈ। ਵੜਿੰਗ ਨੇ ਥੋੜ੍ਹੇ ਸਮੇਂ ਵਿੱਚ ਹੀ ਜ਼ਿਆਦਾ ਅਤੇ ਵੱਡੇ ਕੰਮ ਕਰ ਦਿਖਾਏ ਹਨ। ਜਿਨ੍ਹਾਂ ਦੀ ਬਦੋਲਤ ਉਨ੍ਹਾਂ ਨੂੰ ਸੂਬੇ ਦਾ ਸਭ ਤੋਂ ਸਰਗਰਮ ਅਤੇ ਧੜੱਲੇਦਾਰ ਮੰਤਰੀ ਮੰਨਿਆ ਜਾ ਰਿਹਾ ਹੈ। ਪੰਜਾਬ ਦੀ ਸਰਕਾਰ ਵਿੱਚ ਹੋਈ ਤਬਦੀਲੀ ਤੋਂ ਬਾਅਦ ਨਵੀਂ ਬੁਜਾਰਤ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਰਾਂਸਪੋਰਟ ਮੰਤਰੀ ਥਾਪਿਆ ਗਿਆ ਹੈ। ਸਰਕਾਰ ਦਾ ਅਜੇ 3 ਮਹੀਨਿਆਂ ਦਾ ਸਮਾਂ ਹੀ ਸੀ ਜੋ ਕਿ ਘਟ ਹੁਣ ਡੇਢ ਮਹੀਨਾ ਰਹਿ ਗਿਆ ਹੈ ਪਰ ਆਪਣੀ ਡੇਢ ਮਹੀਨੇ ਦੀ ਕਾਰਗੁਜਾਰੀ ਵਿੱਚ ਵੜਿੰਗ ਨੇ ਹਰ ਰੋਜ ਸੂਬੇ ਦੀਆਂ ਸੜਕਾਂ ਤੇ ਨਜਾਇਜ ਚੱਲ ਰਹੀਆਂ ਬਿਨ੍ਹਾਂ ਪਰਮਿਟ ਵਾਲੀਆਂ ਬੱਸਾਂ ਅਤੇ ਟੈਕਸ ਨਾ ਭਰਨ ਵਾਲੀਆਂ ਬੱਸਾਂ ਨੂੰ ਹੀ ਨਹੀਂ ਡੱਕਿਆ ਬਲਕਿ ਆਪਣੀ ਸਰਕਾਰ ਦੇ ਕਾਂਗਰਸੀ ਆਗੂਆਂ ਦੀਆਂ ਬੱਸਾਂ ਨੂੰ ਵੀ ਨਜਾਇਜ਼ ਰੂਪ ਵਿੱਚ ਚੱਲਣ ਦੀ ਇਜ਼ਾਜਤ ਨਹੀਂ ਦਿੱਤੀ।
ਉਨ੍ਹਾਂ ਬੱਸਾਂ ਤੇ ਵੀ ਕਾਰਵਾਈ ਕਰਕੇ ਵੜਿੰਗ ਨੇ ਸਬੂਤ ਦਿੱਤਾ ਹੈ ਕਿ ਉਨ੍ਹਾਂ ਨੇ ਨਜਾਇਜ਼ ਕੰਮ ਕਰਨ ਵਾਲੇ ਸਾਰਿਆਂ ਨੂੰ ਇੱਕ ਪੈਮਾਨੇ ਵਿੱਚ ਰੱਖਿਆ ਹੈ ਅਤੇ ਕਿਸੇ ਨਾਲ ਕੋਈ ਪੱਖਪਾਤ ਨਹੀਂ ਦਿਖਾਇਆ। ਉਸ ਦੀ ਕਾਰਗੁਜਾਰੀ ਪ੍ਰਤੀ ਬੁਢਲਾਡਾ ਦੇ ਉੱਘੇ ਸਮਾਜ ਸੇਵੀ ਅਤੇ ਮਾਰਕਿਟ ਕਮੇਟੀ ਬੁਢਲਾਡਾ ਦੇ ਉੱਪ ਚੇਅਰਮੈਨ ਨੇ ਕਿਹਾ ਕਿ ਸੂਬੇ ਅੰਦਰ ਅੱਜ ਤੱਕ ਇਤਿਹਾਸ ਵਿੱਚ ਅਜਿਹਾ ਮੰਤਰੀ ਨਜਰ ਨਹੀਂ ਆਇਆ ਜਿਸ ਨੇ ਬਹੁਤ ਘੱਟ ਸਮਾਂ ਹੁੰਦੇ ਹੋਏ ਵੀ ਕੰਮ ਕਰਕੇ ਦਿਖਾ ਦਿੱਤਾ ਹੈ ਕਿ ਇੱਕ ਮੰਤਰੀ ਦੀ ਕੀ ਪਹੁੰਚ ਹੁੰਦੀ ਹੈ ਅਤੇ ਲੋਕਾਂ ਪ੍ਰਤੀ ਉਹ ਕਿਸ ਰੂਪ ਵਿੱਚ ਜਵਾਬਦੇਹ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦੇ ਕੰਮ ਦੀ ਭਾਵੇਂ ਉਪਰਲੇ ਮਨੋ ਵਿਰੋਧੀ ਪਾਰਟੀਆਂ ਵਾਲੇ ਨਿੰਦਿਆਂ ਕਰਦੇ ਹਨ ਪਰ ਅੰਦਰਲੇ ਮਨੋ ਉਹ ਵੀ ਇਸ ਕੰਮ ਨੂੰ ਦੇਖਦੇ ਹੋਏ ਚੁੱਪ ਹਨ ਕਿ ਇਸ ਪ੍ਰਤੀ ਬੋਲਣ ਨੂੰ ਹੋਰ ਕੁਝ ਨਹੀਂ ਰਹਿ ਗਿਆ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਬਤੌਰ ਟਰਾਂਸਪੋਰਟ ਮੰਤਰੀ ਬਣ ਕੇ ਆਪਣੇ ਡੇਢ ਮਹੀਨੇ ਦੇ ਕਾਰਜਕਾਲ ਦੌਰਾਨ ਹਰ ਰੋਜ ਇੱਕ ਕਰੋੜ ਰੁਪਏ ਦਾ ਸਰਕਾਰ ਨੂੰ ਵਾਧਾ ਹੋ ਰਿਹਾ ਹੈ। ਜਿਸ ਨਾਲ ਸਰਕਾਰੀ ਬੱਸਾਂ ਦੀ ਨੁਹਾਰ ਬਦਲੇਗੀ ਅਤੇ ਨਿੱਜੀ ਬੱਸ ਮਾਫੀਆ ਨੂੰ ਨੱਥ ਪਵੇਗੀ। ਉਨ੍ਹਾਂ ਸਾਬਿਤ ਕਰ ਦਿੱਤਾ ਕਿ ਸਰਕਾਰ ਦੀ ਨਜ਼ਰ ਪਾਰਦਰਸ਼ੀ ਹੈ ਤਾਂ ਸਰਕਾਰੀ ਵਿਭਾਗਾਂ ਨੂੰ ਤਰੱਕੀ ਦੇ ਰਾਹ ‘ਤੇ ਲਿਜਾਇਆ ਜਾ ਸਕਦਾ ਹੈ ਪਰ ਸਰਕਾਰ ਬਣਾ ਕੇ ਨਿੱਜੀ ਕਾਰੋਬਾਰ ਕਰਨ ਵਾਲੇ ਰਾਜਨੀਤਿਕ ਲੋਕਾਂ ਨੇ ਸੂਬੇ ਦੀ ਅਰਥ ਵਿਵਸਥਾ ਵਿਗਾੜ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਕੰਮਾਂ ਬਦੌਲਤ ਵਿਰੋਧੀਆਂ ਅਤੇ ਟਰਾਂਸਪੋਰਟ ਮਾਫੀਆ ਦੀਆਂ ਅੱਖਾਂ ਵਿੱਚ ਰੜਕਣ ਲੱਗੇ ਹਨ ਅਤੇ ਉਨ੍ਹਾਂ ਦੀ ਘੱਟ ਸੁਰੱਖਿਆ ਕਾਰਨ ਕਿਸੇ ਸਮੇਂ ਵੀ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਦਿਨ-ਰਾਤ ਸਮੇਂ ਉਹ ਖੁਦ ਭੂ-ਮਾਫੀਆ ਨੂੰ ਨੱਥ ਪਾਉਣ ਲਈ ਸੜਕਾਂ ‘ਤੇ ਘੁੰਮ ਰਹੇ ਹਨ ਅਤੇ ਉਨ੍ਹਾਂ ਦੀ ਹਰਮਨ-ਪਿਆਰਤਾ ਦਿਨ ਪ੍ਰਤੀ ਦਿਨ ਵਧ ਰਹੀ ਹੈ। ਇਸ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਉਨ੍ਹਾਂ ਨੂੰ ਜੈੱਡ ਪਲੱਸ ਸੁਰੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਉਹ ਨਿਡਰ ਹੋ ਕੇ ਭੂ-ਮਾਫੀਆ ਨੂੰ ਨੱਥ ਪਾ ਸਕਣ।