ਔਰੰਗਾਬਾਦ- ਬਿਹਾਰ ਦੇ ਔਰੰਗਾਬਾਦ ਜ਼ਿਲ੍ਹਾ ਸਦਰ ਹਸਪਤਾਲ ’ਚ ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਜਨਾਨੀ ਦੀ ਮੌਤ ਹੋ ਗਈ। ਜਨਾਨੀ ਘਰ ਪਹੁੰਚਣ ਤੋਂ ਪਹਿਲਾਂ ਹੀ ਰਸਤੇ ’ਚ ਬੇਹੋਸ਼ ਹੋ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਤੋਂ ਬਾਅਦ ਗੁੱਸੇ ’ਚ ਪਰਿਵਾਰ ਵਾਲਿਆਂ ਨੇ ਹਸਪਤਾਲ ’ਚ ਹੰਗਾਮਾ ਕੀਤਾ ਅਤੇ ਡਾਕਟਰਾਂ ’ਤੇ ਹਮਲਾ ਕਰ ਦਿੱਤਾ। ਜਾਨ ਬਚਾਉਣ ਲਈ ਡਾਕਟਰ ਮੌਕੇ ’ਤੇ ਦੌੜ ਗਏ। ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਖੁਦਵਾਂ ਥਾਣਾ ਅਧੀਨ ਭਦੁਆ ਵਾਸੀ ਜਿਤੇਂਦਰ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਪਤਨੀ ਰਿੰਕੂ ਦੇਵੀ ਟੀਕੇ ਦੀ ਦੂਜੀ ਖ਼ੁਰਾਕ ਲੈਣ ਤੋਂ ਬਾਅਦ ਜਦੋਂ ਘਰ ਲਈ ਨਿਕਲੀ ਤਾਂ ਰਸਤੇ ’ਚ ਹੀ ਬੇਹੋਸ਼ ਹੋ ਗਈ। ਹਸਪਤਾਲ ਲਿਜਾਉਣ ’ਤੇ ਡਾਕਟਰਾਂ ਨੇ ਉਸ ਦੀ ਪਤਨੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਘਟਨਾ ਤੋਂ ਨਾਰਾਜ਼ ਪਰਿਵਾਰ ਵਾਲਿਆਂ ਨੇ ਹਸਪਤਾਲ ’ਚ ਭੰਨ-ਤੋੜ ਕੀਤੀ ਅਤੇ ਹਸਪਤਾਲ ਦੇ ਡਿਪਟੀ ਸੁਪਰਡੈਂਟ ਡਾਕਟਰ ਨੇ ਕਿਸੇ ਤਰ੍ਹਾਂ ਦੌੜ ਕੇ ਆਪਣੀ ਜਾਨ ਬਚਾਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ। ਪੁਲਸ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂਬਾਅਦ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗੇਗਾ। ਡਾਕਟਰਾਂ ਨੇ ਪਰਿਵਾਰ ਵਾਲਿਆਂ ਵਲੋਂ ਕੁੱਟਮਾਰ ਕੀਤੇ ਜਾਣ ਦਾ ਦੋਸ਼ ਲਗਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।