ਨਵਜੋਤ ਸਿੰਘ ਸਿੱਧੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹੋਏ ਰਵਾਨਾ, ਦਿਸਿਆ ‘ਸ਼ਾਇਰਾਨਾ’ ਅੰਦਾਜ਼

ਡੇਰਾ ਬਾਬਾ ਨਾਨਕ – ਡੇਰਾ ਬਾਬਾ ਨਾਨਕ- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਪਣੇ ਕਾਫ਼ਲੇ ਸਮੇਤ ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋ ਗਏ ਹਨ। ਇਸ ਮੌਕੇ ਉਨ੍ਹਾਂ ਦਾ ਸ਼ਾਇਰਾਨਾ ਅੰਦਾਜ਼ ਇਕ ਵਾਰ ਫਿਰ ਤੋਂ ਵੇਖਣ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਆ ਕੇ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਾਂਗਾ।
ਸਾਇਰਾਨਾ ਅੰਦਾਜ਼ ’ਚ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੁਰਸ਼ਦ ਆਪਣੇ ਦੇ ਦਰ ’ਤੇ ਮੰਗਣ ਆਇਆਂ ਇਹੋ ਮੁਰਾਦ, ਸਾਡੀ ਝੋਲੀ ਪਾ ਸਾਈਆਂ, ਅਮਨ ਤੇ ਇਤਫ਼ਾਦ ਜੀਵਨ ਸਭ ਮਾਵਾਂ ਦੇ ਬੱਚੜੇ, ਬਾਪੂਆਂ ਦੇ ਦਿਲਸ਼ਾਦ, ਅਮਨ-ਸ਼ਾਂਤੀ ਤੇ ਆਪਸੀ ਭਾਈਚਾਰੇ ਦੀ ਬਾਬੇ ਨਾਨਕ ਦੀ ਵਿਚਾਰ ਧਾਰਾ ਸਦਾ ਰਹੇ ਆਬਾਦ, ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਇਥੇ ਦੱਸ ਦੇਈਏ ਕਿ ਅੱਜ ਨਵਜੋਤ ਸਿੰਘ ਸਿੱਧੂ ਸਮੇਤ ਕਰੀਬ 15 ਕਾਂਗਰਸੀ ਆਗੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹਨ। ਇਨ੍ਹਾਂ ’ਚ ਕੁਲਬੀਰ ਸਿੰਘ ਜ਼ੀਰਾ, ਅਰੁਣਾ ਚੌਧਰੀ, ਹਰਮਿੰਦਰ ਸਿੰਘ ਗਿੱਲ, ਉੱਪ ਮੁੱਖ ਮੰਤਰੀ ਓ.ਪੀ. ਸੋਨੀ, ਸੰਗਤ ਸਿੰਘ ਗਿਲਜ਼ੀਆਂ, ਰਾਜਾ ਵੜਿੰਗ, ਹਰੀਸ਼ ਚੌਧਰੀ, ਕੁਲਜੀਤ ਸਿੰਘ ਨਾਗਰਾ, ਪਰਗਟ ਸਿੰਘ, ਪਵਨ ਗੋਇਲ, ਨਵਦੀਪ ਸਿੰਘ ਗਿੱਲ, ਰਾਜਿੰਦਰ ਸਿੰਘ, ਅਮਿਤ ਵਿੱਜ, ਮੇਜਰ ਸਿੰਘ ਸ਼ਾਮਲ ਹਨ।
ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਕੈਬਨਿਟ ਮੰਤਰੀਆਂ ਸਮੇਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਸੀ। ਹਾਲਾਂਕਿ ਇਸ ਦੌਰਾਨ ਸਿੱਧੂ ਜਥੇ ’ਚ ਸ਼ਾਮਲ ਨਹੀਂ ਹੋ ਸਕੇ ਸਨ। ਬੀਤੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਏ ਸਨ।
ਸਿੱਧੂ ਨੇ ਵੀਰਵਾਰ ਨੂੰ ਇਕ ਵੀਡੀਓ ਵੀ ਸ਼ੇਅਰ ਕੀਤੀ ਸੀ, ਜਿਸ ’ਚ ਉਨ੍ਹਾਂ ਨੇ ਆਪਣੀ ਪਾਕਿਸਤਾਨ ਫੇਰੀ ਨੂੰ ਯਾਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਧਾਰਮਿਕ ਸਥਾਨ ਦੇ ਦਰਸ਼ਨ ਵੀ ਕੀਤੇ। ਸਿੱਧੂ ਨੇ ਵੀਡੀਓ ’ਚ ਆਪਣੀ ਪਾਕਿਸਤਾਨ ਫੇਰੀ ਦੌਰਾਨ ਕਈ ਥਾਵਾਂ ਦਾ ਜ਼ਿਕਰ ਵੀ ਕੀਤਾ ਹੈ। ਸਿੱਧੂ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਦਾ ਉਨ੍ਹਾਂ ਨੇ ਨਾਂ ‘ਕਰਤਾਰਪੁਰ ਸਟੋਰੀ’ ਰੱਖਿਆ ਹੈ।