ਬੌਲੀਵੁਡ ਅਦਾਕਾਰਾ ਆਲੀਆ ਭੱਟ ਦੀ ਫ਼ਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੇ ਸੈੱਟ ਤੋਂ ਫ਼ਿਲਮ ਦੇ ਡਾਇਰੈਕਟਰ ਕਰਣ ਜੌਹਰ ਨੇ ਇੱਕ ਵੀਡੀਓ ਆਪਣੇ ਇਨਸਟਾਗ੍ਰੈਮ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਕਰਣ ਨੇ ਆਲੀਆ ਤੋਂ ਕਈ ਦਿਲਚਸਪ ਸਵਾਲ ਪੁੱਛੇ ਸਨ ਜਿਵੇਂ ਕਿ ਸੀਜ਼ਨ ਦੀ ਫ਼ਿਲਮ, ਉਹ ਸ਼ੋਅ ਜਿਸ ਨੂੰ ਉਹ ਪਸੰਦ ਕਰਦੀ ਹੈ ਅਤੇ ਹੋਰ ਬਹੁਤ ਕੁੱਝ।
ਇਹਨਾਂ ਸਵਾਲਾਂ ‘ਚ ਕਰਣ ਨੇ ਆਲੀਆ ਨੂੰ ਪੁੱਛਿਆ ਕਿ ਉਸ ਨੂੰ ਇਸ ਸੀਜ਼ਨ ਦਾ ਕਿਹੜਾ ਗੀਤ ਸਭ ਤੋਂ ਵੱਧ ਪਸੰਦ ਹੈ ਤਾਂ ਆਲੀਆ ਨੇ ਜਵਾਬ ਦਿੱਤਾ ਕਿ ਉਹ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਤਾਜ਼ਾ ਹਿੱਟ ਐਲਬਮ ਮੂਨਚਾਈਲਡ ਐਰਾ ਦਾ ਰੋਮੈਂਟਿਕ ਗੀਤ ਲਵਰ ਪਸੰਦ ਕਰਦੀ ਹੈ। ਇੰਨਾ ਹੀ ਨਹੀਂ, ਉਸ ਨੇ ਗਾਣੇ ਦੀ ਇੱਕ ਹੁਕ ਲਾਈਨ ਵੀ ਗਾਈ ਜੋ ਹੈ ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ।
ਗੀਤ ਲਵਰ ਦੀ ਗੱਲ ਕਰੀਏ ਤਾਂ ਦਿਲਜੀਤ ਦਾ ਇਹ ਗਾਣਾ ਅੱਜਕੱਲ੍ਹ ਹਰ ਥਾਂ ਤੇ ਵਜਦਾ ਸੁਣਾਈ ਦਿੰਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਗਾਣੇ ਨੂੰ ਬੌਲੀਵੁਡ ਦੇ ਕਈ ਸਿਤਾਰੇ ਵੀ ਕਾਫ਼ੀ ਪਸੰਦ ਕਰ ਰਹੇ ਹਨ। ਇਸ ਤੋਂ ਪਹਿਲਾਂ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਮੰਨਿਆ ਸੀ ਕਿ ਲਵਰ ਉਨ੍ਹਾਂ ਦਾ ਪਸੰਦੀਦਾ ਗੀਤ ਹੈ। ਇਸ ਤੋਂ ਇਲਾਵਾ ਕਿਆਰਾ ਅਡਵਾਨੀ, ਵਰੁਣ ਧਵਨ, ਸਾਰ੍ਹਾ ਅਲੀ ਖ਼ਾਨ ਨੇ ਵੀ ਇਸ ਗੀਤ ‘ਤੇ ਵੀਡੀਓ ਬਣਾਈਆਂ ਹਨ।