ਸ਼ਿਮਲਾ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਅਤੇ ਦੇਸ਼ ਦੇ ਪੀਠਾਸੀਨ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਆਜ਼ਾਦੀ ਦੇ ਅੰਮ੍ਰਿਤ ਕਾਲ ’ਚ ਅਗਲੇ 25 ਸਾਲ ਤੱਕ ਸਦਨਾਂ ’ਚ ਵਾਰ-ਵਾਰ ‘ਕਰਤੱਵ’ ਦੇ ਮੰਤਰ ’ਤੇ ਜ਼ੋਰ ਦੇਣ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਵਿਧਾਨਿਕ ਸੰਸਥਾਵਾਂ ਦੇ ਸਦਨਾਂ ’ਚ ਗੁਣਵੱਤਾਪੂਰਨ ਚਰਚਾ ਲਈ ਵੱਖ ਤੋਂ ਸਮਾਂ ਤੈਅ ਕਰਨ, ਜਿਸ ’ਚ ਮਰਿਆਣਾ, ਗੰਭੀਰਤਾ ਅਤੇ ਅਨੁਸ਼ਾਸਨ ਹੋਵੇ ਅਤੇ ਇਸ ਨਾਲ ਸਿਹਤਮੰਦ ਲੋਕਤੰਤਰ ਦਾ ਰਾਹ ਖੁੱਲ੍ਹੇ। ਮੋਦੀ ਨੇ ਅੱਜ ਇੱਥੇ ਸੰਸਦ ਅਤੇ ਵਿਧਾਨ ਪਰੀਸ਼ਦਾਂ ਦੇ ਅਖਿਲ ਭਾਰਤੀ ਪੀਠਾਸੀਨ ਅਧਿਕਾਰੀਆਂ ਦੇ ਸ਼ਤਾਬਦੀ ਸੰਮੇਲਨ ਦਾ ਨਵੀਂ ਦਿੱਲੀ ਤੋਂ ਵੀਡੀਓ ਲਿੰਕ ਜ਼ਰੀਏ ਉਦਘਾਟਨ ਕੀਤਾ।
ਲੋਕ ਸਭਾ ਸਪੀਕਰ ਓਮ ਬਿਰਲਾ ਦੀ ਪ੍ਰਧਾਨਗੀ ਵਿਚ 82ਵੇਂ ਪੀਠਾਸੀਨ ਅਧਿਕਾਰੀ ਸੰਮੇਲਨ ਦਾ ਆਯੋਜਨ 16, 17, ਅਤੇ 18 ਨਵੰਬਰ ਨੂੰ ਇੱਥੇ ਹੋ ਰਿਹਾ ਹੈ। ਦੇਸ਼ ਦੇ ਪੀਠਾਸੀਨ ਅਧਿਕਾਰੀਆਂ ਦੇ ਸੰਮੇਲਨ ਦੀ ਸ਼ੁਰੂਆਤ 1921 ’ਚ ਹੋਈ ਸੀ ਅਤੇ ਪਹਿਲਾਂ ਸੰਮੇਲਨ ਸ਼ਿਮਲਾ ਵਿਚ ਹੋਇਆ ਸੀ। ਇਸ ਲਈ ਸ਼ਤਾਬਦੀ ਸਮਾਰੋਹ ਦਾ ਆਯੋਜਨ ਵੀ ਸ਼ਿਮਲਾ ’ਚ ਕੀਤਾ ਜਾ ਰਿਹਾ ਹੈ। ਸੰਮੇਲਨ ਵਿਚ ਬਿਰਲਾ ਦੇ ਨਾਲ ਰਾਜ ਸਭਾ ਦੇ ਉੱਪ ਸਭਾਪਤੀ ਹਰੀਵੰਸ਼, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ, ਵਿਧਾਨ ਸਭਾ ਸਪੀਕਰ ਵਿਪਿਨ ਸਿੰਘ ਪਰਮਾਰ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਮੁਕੇਸ਼ ਅਗਨੀਹੋਤਰੀ ਨੇ ਵੀ ਸੰਬੋਧਿਤ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿਚ ਸਦਨ ਦੀ ਨਵੀਂ ਕਾਰਜ ਪ੍ਰਣਾਲੀ ਨੂੰ ਲੈ ਕੇ ਆਪਣੀ ਦ੍ਰਿਸ਼ਟੀਕੋਣ ਸਾਂਝਾ ਕਰਦੇ ਹੋਏ ਕਿਹਾ ਕਿ ਸਾਡੇ ਸਦਨ ਦੀਆਂ ਪਰੰਪਰਾਵਾਂ ਅਤੇ ਵਿਵਸਥਾਵਾਂ ਸੁਭਾਅ ਤੋਂ ਭਾਰਤੀ ਹੋਣ, ਸਾਡੀਆਂ ਨੀਤੀਆਂ, ਸਾਡੇ ਕਾਨੂੰਨ ਭਾਰਤੀ ਭਾਵ ਨੂੰ ਇਕ ਭਾਰਤ, ਸ਼੍ਰੇਸ਼ਠ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰਨ ਵਾਲੇ ਹੋਣ। ਸਭ ਤੋਂ ਮਹੱਤਵਪੂਰਨ ਸਦਨ ਵਿਚ ਸਾਡਾ ਖ਼ੁਦ ਦਾ ਵੀ ਵਿਵਹਾਰ ਭਾਰਤੀ ਕਦਰਾਂ-ਕੀਮਤਾਂ ਦੇ ਹਿਸਾਬ ਨਾਲ ਹੋਵੇ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।