ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ‘ਦੁਆਰੇ ਰਾਸ਼ਨ ਯੋਜਨਾ’ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਇਸ ਨਾਲ ਸੂਬੇ ਦੇ ਲੱਗਭੱਗ 10 ਕਰੋੜ ਲੋਕਾਂ ਨੂੰ ਫਾਇਦਾ ਹੋਵੇਗਾ। ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਰਾਸ਼ਨ ਡੀਲਰ ਲਈ ਕਮੀਸ਼ਨ 75 ਰੁਪਏ ਤੋਂ ਵਧਾ ਕੇ 150 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਕੋਲਕਾਤਾ ਦੇ ਨੇਤਾਜੀ ਇੰਡੋਰ ਸਟੇਡੀਅਮ ਵਿੱਚ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਕਿਹਾ, ‘‘ਇਸ ‘ਦੁਆਰੇ ਰਾਸ਼ਨ ਯੋਜਨਾ’ ਨਾਲ ਰਾਜ ਦੇ 10 ਕਰੋੜ ਲੋਕਾਂ ਨੂੰ ਮਦਦ ਮਿਲੇਗੀ। ਮੈਂ ਸਾਰੇ ਰਾਸ਼ਨ ਡੀਲਰ ਨੂੰ ਅਪੀਲ ਕਰਾਂਗੀ ਕਿ ਇਸ ਨੂੰ ਸਫਲ ਬਣਾਈਏ… ਕਈ ਸੂਬੇ ਪੱਛਮੀ ਬੰਗਾਲ ਦੀਆਂ ਯੋਜਨਾਵਾਂ ਦਾ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।”
ਬੈਨਰਜੀ ਨੇ ਇਸ ਸਾਲ ਮਾਰਚ-ਅਪ੍ਰੈਲ ਵਿੱਚ ਹੋਈਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਇਸ ਯੋਜਨਾ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਡੀਲਰ ਲਾਭਪਾਤਰੀਆਂ ਦੇ ਘਰ-ਘਰ ਤੱਕ ਰਾਸ਼ਨ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਤਰ੍ਹਾਂ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦੀ ਵਿਵਸਥਾ ਨੂੰ ਲੈ ਕੇ ਵਾਹਨ ਖਰੀਦਣ ਲਈ ਲੱਗਭੱਗ 21,000 ਰਾਸ਼ਨ ਡੀਲਰ ਨੂੰ ਇੱਕ-ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਮੁੱਖ ਮੰਤਰੀ ਨੇ ਰਾਸ਼ਨ ਡੀਲਰ ਨਾਲ ਯੋਜਨਾ ‘ਤੇ ਇਤਰਾਜ਼ ਜਤਾਉਂਦੇ ਹੋਏ ਅਦਾਲਤ ਦਾ ਰੁਖ਼ ਨਹੀਂ ਕਰਨ ਦੀ ਅਪੀਲ ਕੀਤੀ। ਰਾਸ਼ਨ ਵਿਕਰੇਤਾਵਾਂ ਦੇ ਇੱਕ ਸਮੂਹ ਨੇ ਯੋਜਨਾ ਖ਼ਿਲਾਫ਼ ਕਲਕੱਤਾ ਹਾਈ ਕੋਰਟ ਦਾ ਰੁਖ਼ ਕੀਤਾ ਸੀ ਪਰ ਉਨ੍ਹਾਂ ਦੀ ਮੰਗ ਖਾਰਿਜ ਕਰ ਦਿੱਤੀ ਗਈ ਸੀ। ਪ੍ਰੋਗਰਾਮ ਵਿੱਚ ਬੈਨਰਜੀ ਨੇ ਸੂਬਾ ਸਰਕਾਰ ਦੇ ਖੁਰਾਕ ਅਤੇ ਸਪਲਾਈ ਵਿਭਾਗ ਲਈ ਇੱਕ ‘ਵਟਸਐਪ ਚੈਟਬਾਟ’ ਅਤੇ ਇੱਕ ਮੋਬਾਈਲ ਐਪਲੀਕੇਸ਼ਨ, ‘ਖਾਦਿ ਸਾਥੀ: ਅਮਾਰ ਰਾਸ਼ਨ ਮੋਬਾਈਲ ਐਪ ਦੀ ਸ਼ੁਰੂਆਤ ਵੀ ਕੀਤੀ। ਇਸ ਐਪ ਦੇ ਜ਼ਰੀਏ ਲੋਕਾਂ ਨੂੰ ਰਾਸ਼ਨ ਕਾਰਡ ਲਈ ਅਰਜ਼ੀ ਕਰਨ ਅਤੇ ਇਸ ਨੂੰ ਕਿਵੇਂ ਕਰਨਾ ਹੈ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।