ਨਵੀਂ ਦਿੱਲੀ – ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਉੱਤਰ ਪ੍ਰਦੇਸ਼ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਜਨ ਸਭਾਵਾਂ ’ਚ ਭੀੜ ਜੁਟਾਉਣ ਲਈ ਜਨਤਾ ਦੀ ਕਮਾਈ ਦੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਵੀ ਕੀਤਾ ਕਿ ਜਨਤਾ ਹੁਣ ਭਾਜਪਾ ਦੀ ਰਾਜਨੀਤੀ ਨੂੰ ਸਮਝ ਚੁਕੀ ਹੈ, ਇਸ ਲਈ ਪੈਸੇ ਖਰਚ ਕਰ ਕੇ ਚਿਹਰਾ ਬਚਾਉਣ ਦੀ ਕਵਾਇਦ ਕੀਤੀ ਜਾ ਰਹੀ ਹੈ।
ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਨੇ ਟਵੀਟ ਕੀਤਾ,‘‘ਲਾਕਡਾਊਨ ਦੌਰਾਨ ਜਦੋਂ ਦਿੱਲੀ ਤੋਂ ਲੱਖਾਂ ਮਜ਼ਦੂਰ ਭਰਾ-ਭੈਣ ਪੈਦਲ ਤੁਰ ਕੇ ਉੱਤਰ ਪ੍ਰਦੇਸ਼ ’ਚ ਆਪਣੇ ਪਿੰਡਾਂ ਵੱਲ ਪਰਤ ਰਹੇ ਸਨ, ਉਸ ਸਮੇਂ ਭਾਜਪਾ ਸਰਕਾਰ ਨੇ ਮਜ਼ਦੂਰਾਂ ਨੂੰ ਬੱਸਾਂ ਉਪਲੱਬਧ ਨਹੀਂ ਕਰਵਾਈਆਂ ਸਨ ਪਰ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀਆਂ ਰੈਲੀਆਂ ’ਚ ਭੀੜ ਲਿਆਉਣ ਲਈ ਸਰਕਾਰ ਜਨਤਾ ਦੀ ਕਮਾਈ ਦੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ।’’ ਪ੍ਰਿਯੰਕਾ ਗਾਂਧੀ ਨੇ ਦਾਅਵਾ ਕੀਤਾ,‘‘ਉੱਤਰ ਪ੍ਰਦੇਸ਼ ਦੇ ਪਿੰਡ-ਪਿੰਡ ’ਚ ਭਾਜਪਾ ਦੇ ਪ੍ਰਤੀ ਡੂੰਘੀ ਨਾਰਾਜ਼ਗੀ ਹੈ। ਭਾਜਪਾ ਦੀ ‘ਜੁਮਲਿਆਂ ਦੀ ਦੁਕਾਨ, ਫਿੱਕੇ ਪਕਵਾਨ’ ਵਾਲੀ ਰਾਜਨੀਤੀ ਨੂੰ ਬੱਚਾ-ਬੱਚਾ ਸਮਝ ਚੁਕਿਆ ਹੈ। ਇਸ ਲਈ ਕਰੋੜਾਂ ਰੁਪਏ ਲਗਾ ਕੇ, ਸਿਰਫ਼ ਚਿਹਰਾ ਬਚਾਉਣ ਦੀ ਕਵਾਇਦ ਚੱਲ ਰਹੀ ਹੈ।’’