ਮੋਗਾ – ਅਦਾਕਾਰ ਅਤੇ ਸਮਾਜ ਸੇਵੀ ਸੋਨੂੰ ਸੂਦ ਵਲੋਂ ਅੱਜ ਆਪਣੀ ਭੈਣ ਮਾਲਵਿਕਾ ਦੇ ਨਾਲ ਵਿਧਾਨ ਸਭਾ ਹਲਕਾ ਮੋਗਾ ਦੇ 8 ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਵਿਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੇ ਸਾਬਕਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਸ਼ਮੂਲੀਅਤ ਕੀਤੀ। ਸੋਨੂੰ ਸੂਦ ਦਾ ਕਹਿਣਾ ਹੈ ਕਿ ਪਿੰਡਾਂ ਵਿਚ ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਾਫੀ ਕੁਝ ਕਰਨ ਦੀ ਲੋੜ ਹੈ ਅਤੇ ਇਸੇ ਕਰ ਕੇ ਹੀ ਉਹ ਪਿੰਡਾਂ ਵਿਚ ਗਏ ਸਨ ਪਰ ਉਨ੍ਹਾਂ ਦੀਆਂ ਬੈਠਕਾਂ ’ਚ ਕਾਂਗਰਸੀਆਂ ਦੀ ਸ਼ਮੂਲੀਅਤ ਕਾਰਨ ਉਨ੍ਹਾਂ ਦੇ ਕਾਂਗਰਸ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ ਜ਼ੋਰਾਂ ’ਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਸੋਨੂੰ ਸੂਦ ਅਤੇ ਉਨ੍ਹਾਂ ਦੀ ਭੈਣ ਮਾਲਵਿਕਾ ਵਲੋਂ ਮੋਗਾ ਹਲਕੇ ਦੇ ਪਿੰਡਾਂ ਤਾਰੇਵਾਲਾ, ਮੱਲ੍ਹੀਆਂ ਵਾਲਾ, ਝੰਡੇਆਲਾ, ਚੁੱਪਕੀਤੀ, ਮੰਡੀਰਾਂ, ਪੁਰਾਣੇਵਾਲਾ ਨਵਾਂ ਅਤੇ ਪੁਰਾਣਾ ਤੋਂ ਇਲਾਵਾ ਨਾਹਲ ਖੋਟੇ ਪਿੰਡਾਂ ’ਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਅਦਾਕਾਰ ਸੋਨੂੰ ਸੂਦ ਨੇ ਆਪਣੇ ਨਿਵੇਕਲੇ ਅੰਦਾਜ਼ ਰਾਹੀਂ ਮੁੜ ਦੁਹਰਾਇਆ ਕਿ ਕੋਈ ਪਾਰਟੀ ਵੱਡੀ ਨਹੀਂ ਹੁੰਦੀ, ਸਗੋਂ ਅਵਾਮ ਵੱਡਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪ ਹੀ ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਸਕਦੇ ਹਾਂ।
ਉਨ੍ਹਾਂ ਨੇ ਪਿੰਡਾਂ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਿਹਤ ਅਤੇ ਸਿੱਖਿਆ ਨਾਲ ਜੁੜੀ ਕਿਸੇ ਵੀ ਸਮੱਸਿਆ ਸਬੰਧੀ ਦੱਸਣ, ਫੌਰੀ ਤੌਰ ’ਤੇ ਉਸ ਦਾ ਹੱਲ ਕਰਵਾਇਆ ਜਾਵੇਗਾ। ਮਾਲਵਿਕਾ ਸੂਦ ਸੱਚਰ ਨੇ ਕਿਹਾ ਕਿ ਉਹ ਪਹਿਲਾਂ ਵੀ ਪਿੰਡਾਂ ਵਿਚ ਲੋੜਵੰਦਾਂ ਦੀ ਸੇਵਾ ਲਈ ਆਉਂਦੇ ਹਨ ਅਤੇ ਅੱਜ ਭਰਾ ਸੋਨੂੰ ਸੂਦ ਨੂੰ ਲੋਕਾਂ ਦੀਆਂ ਸਮੱਸਿਆ ਦੇ ਹੱਲ ਲਈ ਨੇੜੇ ਤੋਂ ਜਾਣੂੰ ਕਰਵਾਇਆ ਗਿਆ ਹੈ।