ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ 100 ਵਰ੍ਹਿਆਂ ਦੀ ਹੋ ਗਈ ਹੈ। ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਣ ਵਾਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਨੂੰ ਹੋਂਦ ‘ਚ ਆਈ। ਇਸਦੇ ਹੋਂਦ ‘ਚ ਆਉਣ ਦਾ ਮੁੱਖ ਕਾਰਨ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਮਹੰਤਾਂ ਤੋਂ ਵਾਪਸ ਲੈਣਾ ਸੀ ਜਿਸਦੇ ਲਈ ਸਿੱਖਾਂ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਤੇ ਮਹੰਤਾਂ ਤੋਂ ਗੁਰੂਘਰ ਆਜ਼ਾਦ ਕਰਵਾਏ। ਇਨ੍ਹਾਂ 100 ਸਾਲਾਂ ‘ਚ ਸ਼੍ਰੋਮਣੀ ਕਮੇਟੀ ‘ਚ ਕਈ ਉਤਾਰ-ਚੜ੍ਹਾਅ ਆਏ ।
ਸ਼੍ਰੋਮਣੀ ਕਮੇਟੀ ਦੀ ਹੋਂਦ ਲਈ ਸੈਂਕੜੇ ਸ਼ਹੀਦੀਆਂ ਹੋਈਆ। ਸ਼੍ਰੋਮਣੀ ਕਮੇਟੀ ਦਾ ਮੁੱਢ 1920 ਦੇ ਅੱਧ ਤੋਂ ਪਹਿਲਾਂ ਹੀ ਬੱਝ ਗਿਆ ਸੀ , ਜਦੋਂ 21 ਮਈ 1920 ਨੂੰ ਰੋਜ਼ਾਨਾ ਅਕਾਲੀ ਅਖ਼ਬਾਰ ਸ਼ੁਰੂ ਹੋਈ ਤੇ ਬਿਨਾਂ ਕਿਸੇ ਜਥੇਬੰਦੀ ਦੇ ਸੁਧਾਰ ਲਹਿਰ ਸ਼ੁਰੂ ਹੋ ਗਈ। ਇਸ ਲਹਿਰ ਦੀ ਪਹਿਲੀ ਕਾਮਯਾਬੀ – ਸਤੰਬਰ 1920 ‘ਚ ਗੁਰਦੁਆਰਾ ਚੁਮਾਲਾ ਸਾਹਿਬ ਤੇ ਦੂਜੀ ਕਾਮਯਾਬੀ-ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਸੀ। ਬਾਬੇ ਦੀ ਬੇਰ ਦੇ ਕਬਜ਼ੇ ਤੋਂ ਬਾਅਦ ਹਫ਼ਤੇ ‘ਚ ਹੀ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਤੇ ਦਰਬਾਰ ਸਾਹਿਬ ਵੀ ਅਜ਼ਾਦ ਕਰਾ ਲਏ। ਇਸ ਦੇ ਇਕ ਮਹੀਨੇ ਬਾਅਦ ਸ਼੍ਰੋਮਣੀ ਕਮੇਟੀ ਕਾਇਮ ਹੋ ਗਈ ਤੇ ਉਸ ਤੋਂ ਇਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ। ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਸ਼੍ਰੋਮਣੀ ਕਮੇਟੀ ਨੇ ਸੈਂਕੜੇ ਕੁਰਬਾਨੀਆਂ ਕੀਤੀਆਂ ਤੇ ਮੋਰਚੇ ਲਾਏ, ਜਿਨ੍ਹਾਂ ‘ਚ ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ ਤੇ ਭਾਈ ਫੇਰੂ ਦਾ ਮੋਰਚਾ ਅਹਿਮ ਨੇ। ਇਸ ਸਮੇਂ ਦੌਰਾਨ ਹੀ ਸਾਕਾ ਨਨਕਾਣਾ ਤੇ ਜੈਤੋ ਵਿਚ 300 ਦੇ ਕਰੀਬ ਸਿੰਘ ਸ਼ਹੀਦ ਹੋਏ।
ਸ਼੍ਰੋਮਣੀ ਕਮੇਟੀ ਹੋਂਦ ‘ਚ ਆਉਣ ਦੇ ਕਾਰਨ
1849 ‘ਚ ਸਿੱਖ ਰਾਜ ਜਾਣ ਤੋਂ ਬਾਅਦ ਗੁਰਦੁਆਰਿਆਂ ‘ਤੇ ਕਾਬਜ਼ ਮਹੰਤ ਅੰਗਰੇਜ਼ਾਂ ਦੇ ਪਿੱਠੂ ਬਣ ਗਏ। ਗੁਰਧਾਮਾਂ ‘ਚ ਮਹੰਤਾਂ ਦੀਆਂ ਮਨਮਾਨੀਆਂ ਵਧ ਗਈਆਂ। ਗੁਰਦੁਆਰਿਆਂ ਦੇ ਚੜ੍ਹਾਵੇ ਨੂੰ ਉਹ ਨਿੱਜੀ ਜਗੀਰ ਸਮਝਣ ਲੱਗ ਪਏ। ਅੰਗਰੇਜ਼ ਨਹੀਂ ਸਨ ਚਾਹੁੰਦੇ ਕਿ ਗੁਰਦੁਆਰਿਆਂ ਦਾ ਇੰਤਜ਼ਾਮ ਸਿੱਖਾਂ ਦੇ ਹੱਥਾਂ ‘ਚ ਹੋਵੇ। ਸੰਜੀਦਾ ਸਿੱਖ ਗੁਰਦੁਆਰਿਆਂ ਦੀ ਨਿੱਘਰਦੀ ਹਾਲਤ ਤੋਂ ਚਿੰਤਤ ਸਨ। ਅਖੀਰ 1920 ‘ਚ ਗੁਰਦੁਆਰਾ ਸੁਧਾਰ ਲਹਿਰ ਦਾ ਮੁੱਢ ਬੱਝਾ। ਪਹਿਲਾਂ 27 ਸਤੰਬਰ 1920 ਨੂੰ ਗੁਰਦੁਆਰਾ ਚੁਮਾਲਾ ਸਾਹਿਬ ਲਾਹੌਰ ਤੇ ਫਿਰ 6 ਅਕਤੂਬਰ ਨੂੰ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਸਿੱਖਾਂ ਦੇ ਕਬਜ਼ੇ ਹੇਠ ਆਉਣ ਮਗਰੋਂ ਭਾਈ ਲਛਮਣ ਸਿੰਘ ਨੇ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਮੋਰਚੇ ਦਾ ਐਲਾਨ ਕਰ ਦਿੱਤਾ।
ਉਨ੍ਹਾਂ ਹੀ ਦਿਨਾਂ ‘ਚ ਦਰਬਾਰ ਸਾਹਿਬ ਦੇ ਪੁਜਾਰੀ ਇੰਨੇ ਗਿਰ ਗਏ ਸਨ ਕਿ ਅਖੌਤੀ ਪੱਛੜੀਆਂ ਜਾਤਾਂ ਦਾ ਪ੍ਰਸ਼ਾਦ ਤੱਕ ਕਬੂਲ ਨਹੀਂ ਸਨ ਕਰਦੇ। ਪ੍ਰੋ. ਹਰਕਿਸ਼ਨ ਸਿੰਘ ਬਾਵਾ ਦੀ ਬੇਨਤੀ ‘ਤੇ ਵੀ ਜਦੋਂ ਪੁਜਾਰੀ ਨਾ ਮੰਨੇ ਤਾਂ ਜਥੇਦਾਰ ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁੱਚਰ ਸਿੱਖ ਜਥਿਆਂ ਨਾਲ ਦਰਬਾਰ ਸਾਹਿਬ ਪੁੱਜ ਗਏ। ਸੰਗਤਾਂ ਦੇ ਇਕੱਠ ਨੂੰ ਵੇਖ ਪੁਜਾਰੀ ਸ੍ਰੀ ਅਕਾਲ ਤਖ਼ਤ ਛੱਡ ਕੇ ਭੱਜ ਗਏ, ਜਿਸ ਮਗਰੋਂ ਸਿੰਘਾਂ ਨੇ ਗੁਰੂਘਰ ਦੀ ਸੇਵਾ ਸੰਭਾਲ ਲਈ, 17 ਮੈਂਬਰੀ ਕਮੇਟੀ ਬਣਾ ਦਿੱਤੀ, ਜਿਸਦੇ ਪ੍ਰਧਾਨ ਜਥੇਦਾਰ ਤੇਜਾ ਸਿੰਘ ਭੁੱਚਰ ਨੂੰ ਬਣਾਇਆ ਗਿਆ।
ਇਨ੍ਹਾਂ ਹੀ ਦਿਨਾਂ ‘ਚ ਅੰਮ੍ਰਿਤਸਰ ਆਏ ਮਾਸਟਰ ਮੋਤਾ ਸਿੰਘ ਨੇ ਸਲਾਹ ਦਿੱਤੀ ਕਿ ਸਿੱਖ ਪੰਥ ਦਾ ਸਰਬੱਤ ਖਾਲਸਾ ਬੁਲਾ ਕੇ ਗੁਰਧਾਮਾਂ ਦੇ ਇੰਤਜ਼ਾਮ ਲਈ ਪੰਥਕ ਕਮੇਟੀ ਬਣਾਈ ਜਾਵੇ। ਸਿੱਖ ਆਗੂਆਂ ਦੀਆਂ ਕਈ ਮੀਟਿੰਗਾਂ ਤੇ ਵੀਚਾਰਾਂ ਤੋਂ ਬਾਅਦ 15 ਨਵੰਬਰ 1920 ਨੂੰ ਸਰਬੱਤ ਖਾਲਸਾ ਇਕੱਠਾ ਹੋਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਗਈ।
ਸ਼੍ਰੋਮਣੀ ਕਮੇਟੀ ਦਾ ਪਹਿਲਾ ਢਾਂਚਾ
ਸ਼੍ਰੋਮਣੀ ਕਮੇਟੀ ਦੇ ਗਠਨ ਸਮੇਂ ਕੁੱਲ 150 ਮੈਂਬਰ ਚੁਣੇ ਗਏ। ਬਾਅਦ ‘ਚ ਕੁਝ ਮੈਂਬਰ ਸ਼ਾਮਲ ਕੀਤੇ ਗਏ ਤੇ ਇਹ ਗਿਣਤੀ 175 ਹੋ ਗਈ। ਪ੍ਰਧਾਨ ਦੀ ਚੋਣ ਲਈ ਹੋਈ ਮੀਟਿੰਗ ‘ਚ 61 ਮੈਂਬਰ ਹਾਜ਼ਰ ਹੋਏ। ਜੋ ਮੈਂਬਰ ਅੰਮ੍ਰਿਤਧਾਰੀ ਨਹੀਂ ਸਨ, ਉਨ੍ਹਾਂ ਨੂੰ ਅੰਮ੍ਰਿਤ ਛਕਣ ਲਈ ਕਿਹਾ ਗਿਆ। ਪ੍ਰਧਾਨਗੀ ਵਾਸਤੇ ਸੁੰਦਰ ਸਿੰਘ ਮਜੀਠੀਆ, ਹਰਬੰਸ ਸਿੰਘ ਅਟਾਰੀ ਤੇ ਭਾਈ ਜੋਧ ਸਿੰਘ ਦੇ ਨਾਂ ਪੇਸ਼ ਕੀਤੇ ਗਏ। ਬਹੁਤੇ ਮੈਂਬਰ ਸੁੰਦਰ ਸਿੰਘ ਮਜੀਠੀਆ ਦੇ ਹੱਕ ‘ਚ ਭੁਗਤੇ। ਲਿਹਾਜ਼ਾ ਸੁੰਦਰ ਸਿੰਘ ਮਜੀਠੀਆ ਨੂੰ ਪ੍ਰਧਾਨ, ਹਰਬੰਸ ਸਿੰਘ ਅਟਾਰੀ ਨੂੰ ਮੀਤ ਪ੍ਰਧਾਨ, ਸੁੰਦਰ ਸਿਘ ਰਾਮਗੜੀਆ ਸਕੱਤਰ ਤੇ ਬਾਬਾ ਹਰਕਿਸ਼ਨ ਸਿੰਘ ਮੀਤ ਸਕੱਤਰ ਬਣੇ। ਐਗਜੈਕਟਿਵ ਵਿੱਚ ਜੋਧ ਸਿੰਘ, ਤੇਜਾ ਸਿੰਘ , ਬੂਟਾ ਸਿੰਘ ਵਕੀਲ, ਸ.ਹਰਬੰਸ ਸਿੰਘ,ਚਰਨ ਸਿੰਘ, ਅਮਰ ਸਿੰਘ ਲਾਇਲ ਗਜ਼ਟ ਤੇ ਬਾਬਾ ਕੇਹਰ ਸਿੰਘ ਪੱਟੀ ਚੁਣੇ ਗਏ। ਕੁਝ ਹਫ਼ਤਿਆਂ ਮਗਰੋਂ ਸੁੰਦਰ ਸਿੰਘ ਮਜੀਠਾ ਐਗਜੈਕਟਿਵ ਕੌਂਸਲ ਦੇ ਮੈਂਬਰ ਬਣ ਗਏ ਤੇ ਉਨ੍ਹਾ ਦੀ ਥਾਂ ਹਰਬੰਸ ਸਿੰਘ ਅਟਾਰੀ ਪ੍ਰਧਾਨ ਬਣੇ ।
30 ਅਪ੍ਰੈਲ 1921 ਨੂੰ ਸ਼੍ਰੋਮਣੀ ਕਮੇਟੀ ਰਜਿਸਟਰਡ ਹੋਈ। 14 ਅਗਸਤ 1921 ਨੂੰ ਨਵੀਂ ਚੋਣ ਹੋਈ। ਇਸ ਚੋਣ ‘ਚ ਬਾਬਾ ਖੜਕ ਸਿੰਘ ਪ੍ਰਧਾਨ, ਮਹਿਤਾਬ ਸਿੰਘ ਮੀਤ ਪ੍ਰਧਾਨ ਤੇ ਸੁੰਦਰ ਸਿੰਘ ਰਾਮਗੜੀਆ ਸਕੱਤਰ ਚੁਣੇ ਗਏ। ਸਰਕਾਰ ਸਿੱਖਾਂ ਨਾਲ ਵਿਗੜ ਗਈ। ਸਿੱਖਾਂ ਦੀਆਂ ਸੈਂਕੜੇ ਸ਼ਹੀਦੀਆਂ, ਹਜ਼ਾਰਾਂ ਗ੍ਰਿਫ਼ਤਾਰੀਆਂ ਤੇ ਲੱਖਾਂ ਦੇ ਨੁਕਸਾਨ ਮਗਰੋਂ 1925 ‘ਚ ਗੁਰਦੁਆਰਾ ਐਕਟ ਬਣਾਇਆ ਗਿਆ। ਇਸ ਐਕਟ ਤਹਿਤ ਗੁਰਦੁਆਰਿਆਂ ਦਾ ਇੰਤਜ਼ਾਮ ਚੁਣੇ ਹੋਏ ਨੁਮਾਇੰਦਿਆਂ ਨੂੰ ਸੌਂਪ ਦਿੱਤਾ ਗਿਆ। ਇਸ ਕਮੇਟੀ ਦਾ ਨਾਂ ਸੈਂਟਰਲ ਬੋਰਡ ਰੱਖਿਆ ਗਿਆ।
ਗੁਰਦੁਆਰਾ ਐਕਟ ਤੇ ਸ਼੍ਰੋਮਣੀ ਕਮੇਟੀ
18 ਜੂਨ 1926 ਦੇ ਦਿਨ ਗੁਰਦੁਆਰਾ ਐਕਟ ਹੇਠ ਸੈਂਟਰਲ ਬੋਰਡ (ਜਿਸਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ) ਦੀਆਂ ਚੋਣਾਂ ਹੋਈਆਂ। 120 ਸੀਟਾਂ ‘ਚੋਂ 85 ਅਕਾਲੀ ਪਾਰਟੀ ਨੇ, 26 ਸੀਟਾਂ ਸ਼ੇਰ ਸਿੰਘ-ਮਹਿਤਾਬ ਸਿੰਘ ਧੜੇ ਨੇ ਅਤੇ 7 ਸੀਟਾਂ ਤੀਜੇ ਧੜੇ ਨੇ ਜਿੱਤੀਆਂ । ਫਿਰ ਮਾਰਚ 1930 ਦੀਆਂ ਚੋਣਾਂ ਵਿਚ ਅਕਾਲੀ ਦਲ ਨੇ 120 ‘ਚੋਂ 100 ਸੀਟਾਂ, ਗਿਆਨੀ ਸ਼ੇਰ ਸਿੰਘ-ਮਹਿਤਾਬ ਸਿੰਘ ਧੜੇ ਨੇ 15 ਸੀਟਾਂ ਤੇ ਦੂਜਿਆਂ ਨੇ 5 ਸੀਟਾਂ ਜਿੱਤੀਆਂ। ਜ਼ਿਆਦਾਤਰ ਅਕਾਲੀ ਦਲ ਹੀ ਸ਼੍ਰੋਮਣੀ ਕਮੇਟੀ ਤੇ ਕਾਬਜ਼ ਰਿਹਾ। ਸਮੇਂ–ਸਮੇ ‘ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਰਹੀਆਂ ਪਰ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਹੀ ਇਸ ‘ਤੇ ਕਾਬਜ਼ ਰਿਹਾ। ਫਿਰ 1965 ਵਿਚ ਅਕਾਲੀ ਦਲ ਦੋ ਧੜਿਆਂ ‘ਚ ਵੰਡਿਆ ਗਿਆ। ਇਸ ਵਾਰ ਚੋਣਾਂ ‘ਚ ਫਤਿਹ ਸਿੰਘ ਅਕਾਲੀ ਦਲ ਨੇ 90, ਮਾਸਟਰ ਤਾਰਾ ਸਿੰਘ ਅਕਾਲੀ ਦਲ ਨੇ 45 ਤੇ ਦੂਜਿਆਂ 5 ਸੀਟਾਂ ਜਿੱਤੀਆਂ। ਫਿਰ 14 ਸਾਲ ਬਾਅਦ ਮਗਰੋਂ 1979 ਵਿਚ ਹੋਈਆਂ ਚੋਣਾਂ ‘ਚ ਅਕਾਲੀ ਦਲ ਨੇ 140 ‘ਚੋਂ 132 ਸੀਟਾਂ ਜਿੱਤੀਆਂ । 1996 ਦੀਆਂ ਚੋਣਾਂ ਵਿਚ ਅਕਾਲੀ ਦਲ ਨੇ 160 ਵਿਚੋਂ 151 ਸੀਟਾਂ ਜਿੱਤੀਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹਰ ਸਾਲ ਹੁੰਦੀ ਹੈ। ਹੁਣ ਤੱਕ ਦੇ ਪ੍ਰਧਾਨਾਂ ‘ਚੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਜਿਹੇ ਪ੍ਰਧਾਨ ਹੋਏ ਹਨ, ਜੋ ਸਭ ਤੋਂ ਵੱਧ 25 ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ।
ਸ਼੍ਰੋਮਣੀ ਕਮੇਟੀ ਦਾ ਮੌਜੂਦਾ ਸਰੂਪ
ਸ਼੍ਰੋਮਣੀ ਕਮੇਟੀ ਦੇ 170 ਮੈਂਬਰਾਂ ਦੀ ਸਿੱਧੀ ਚੋਣ ਹੁੰਦੀ ਹੈ। ਇਨ੍ਹਾਂ ਮੈਂਬਰਾਂ ‘ਚੋਂ ਪੰਜਾਬ ‘ਚੋਂ 155 ਮੈਂਬਰ, ਹਰਿਆਣਾ ‘ਚੋਂ 13 ਮੈਂਬਰ ਜਦਕਿ ਹਿਮਾਚਲ ਤੇ ਚੰਡੀਗੜ੍ਹ ‘ਚੋਂ 1-1 ਮੈਂਬਰ ਚੁਣਿਆ ਜਾਂਦਾ ਐ। ਇਸਤੋਂ ਇਲਾਵਾ ਕੁਝ ਮੈਂਬਰ 5 ਤਖ਼ਤ ਸਾਹਿਬਾਨ ਦੇ ਜਥੇਦਾਰਾਂ ਤੇ ਹੋਰ ਧਾਰਮਿਕ ਜਥੇਬੰਦੀਆਂ ਵਲੋਂ ਨਾਮਜ਼ਦ ਕੀਤੇ ਜਾਂਦੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਇਨ੍ਹਾਂ ਚੁਣੇ ਹੋਏ ਮੈਂਬਰਾਂ ਵਿਚੋਂ ਹੀ ਹੁੰਦੀ ਹੈ।
ਸ਼੍ਰੋਮਣੀ ਕਮੇਟੀ ਦੀ ਵੰਡ
1947 ‘ਚ ਜਦੋਂ ਭਾਰਤ-ਪਾਕਿਸਤਾਨ ਦੀ ਵੰਡ ਹੋਈ ਤਾਂ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਕਈ ਇਤਿਹਾਸਕ ਗੁਰਦਆਰੇ ਪਾਕਿਸਤਾਨ ‘ਚ ਰਹਿ ਗਏ। ਪਹਿਲਾਂ-ਪਹਿਲ ਸ਼੍ਰੋਮਣੀ ਕਮੇਟੀ ਵੱਲੋਂ ਛਿਮਾਹੀ ਜਥੇ ਸੇਵਾ ਸੰਭਾਲ ਲਈ ਜਾਂਦੇ ਰਹੇ ਪਰ ਬਾਅਦ ‘ਚ ਇਹ ਸਿਲਸਿਲਾ ਵੀ ਬੰਦ ਹੋ ਗਿਆ ਜਿਸਤੋਂ ਬਾਅਦ ਪਾਕਿਸਤਾਨ ‘ਚ ਰਹਿ ਗਏ ਗੁਰਦੁਆਰਿਆਂ ਦਾ ਪ੍ਰਬੰਧ ਵੇਖਣ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ‘ਚ ਆਈ । ਜਦਕਿ ਪੈਪਸੂ ਦੇ ਗੁਰਦੁਆਰਾ ਸਾਹਿਬਾਨ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਆਏ। ਫਿਰ 1966 ‘ਚ ਹਰਿਆਣਾ ਦੇ ਵੱਖ ਹੋਣ ਮਗਰੋਂ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਉੱਠੀ । ਹਾਲਾਂਕਿ ਹਰਿਆਣਾ ਗੁਰਦੁਆਰਾ ਕਮੇਟੀ ਦਾ ਮੁੱਦਾ ਅਜੇ ਅਦਾਲਤ ‘ਚ ਐ ਪਰ ਅਜੇ ਵੀ ਹਰਿਆਣਾ ਦੇ ਕੁਝ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹਨ। ਇਸਤੋਂ ਇਲਾਵਾ ਦਿੱਲੀ-ਅੰਬਾਲਾ ਦੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਐ ਪਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਹੈ।
ਸ਼੍ਰੋਮਣੀ ਕਮੇਟੀ ਦੇ ਕਾਰਜ
ਸ਼੍ਰੋਮਣੀ ਕਮੇਟੀ ਦਾ ਮਕਸਦ ਗੁਰਦੁਆਰਿਆਂ ਦੀ ਸੰਵਾ ਸੰਭਾਲ ਤੇ ਧਰਮ ਪ੍ਰਚਾਰ ਕਰਨਾ ਹੈ। ਸਿੱਖ ਰਹਿਤ ਮਰਿਆਦਾ ਨੂੰ ਹਰ ਗੁਰਦੁਆਰਾ ਸਾਹਿਬ ‘ਚ ਲਾਗੂ ਕਰਨ ਦਾ ਜਿੰਮਾ ਵੀ ਸ਼੍ਰੋਮਣੀ ਕਮੇਟੀ ਦਾ ਹੀ ਹੈ। ਸ਼੍ਰੋਮਣੀ ਕਮੇਟੀ 400 ਗੁਰਦੁਆਰਿਆਂ ਦਾ ਪ੍ਰਬੰਧ ਵੇਖ ਰਹੀ ਐ। ਸ਼੍ਰੋਮਣੀ ਕਮੇਟੀ ਦਾ ਵੱਖਰਾ ਵਿੰਗ ਧਰਮ ਪ੍ਰਚਾਰ ਕਮੇਟੀ ਵੀ ਹੈ ਜੋ ਧਰਮ ਪ੍ਰਚਾਰ ਦੀ ਸੇਵਾ ਨਿਭਾਉਂਦਾ ਹੈ। ਇਸਤੋਂ ਇਲਾਵਾ 70 ਵਿੱਦਿਅਕ ਅਦਾਰੇ, 2 ਯੂਨੀਵਰਸਿਟੀਆਂ, ਰਿਸਰਚ ਬੋਰਡ, 6 ਹਸਪਤਾਲ, 12 ਡਿਸਪੈਂਸਰੀਆਂ ਦਾ ਸੰਚਾਲਨ ਸ਼੍ਰੋਮਣੀ ਕਮੇਟੀ ਦੀ ਦੇਖ-ਰੇਖ ਹੇਠ ਹੋ ਰਿਹਾ ਐ। ਇਸਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ‘ਚ ਰੋਜ਼ਾਨਾ ਲੱਖਾਂ ਸੰਗਤਾਂ ਲਈ ਲੰਗਰ ਦੀ ਸੇਵਾ ਵੀ ਸ਼੍ਰੋਮਣੀ ਕਮੇਟੀ ਦੀ ਨਿਗਰਾਨੀ ਹੇਠ ਚੱਲ ਰਹੀ ਹੈ।
ਅਰਬਾਂ ਦਾ ਬਜਟ
ਸ਼੍ਰੋਮਣੀ ਕਮੇਟੀ ਦਾ ਹਰ ਸਾਲ ਅਰਬਾਂ ਰੁਪਏ ਦਾ ਬਜਟ ਹੁੰਦਾ ਹੈ। ਸਾਲ 2019-20 ਲਈ ਸ਼੍ਰੋਮਣੀ ਕਮੇਟੀ ਨੇ 12 ਅਰਬ 5 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਸੀ ਜਦਕਿ ਸਾਲ 2020-21 ਲਈ 9 ਅਰਬ 81 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ। ਕੋਰੋਨਾ ਮਹਾਮਾਰੀ ਕਰਕੇ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਨੇ ਘਾਟੇ ਦਾ ਬਜਟ ਪਾਸ ਕੀਤਾ।