ਚੰਡੀਗੜ੍ਹ : ਯੁਮਨਾ ਨਗਰ ਦੇ ਰਹਿਣ ਵਾਲੇ 45 ਸਾਲ ਦੇ ਬ੍ਰੇਨ ਡੈੱਡ ਮਰੀਜ਼ ਦੀ ਬਦੌਲਤ 5 ਲੋਕਾਂ ਨੂੰ ਇਕ ਨਵਾਂ ਜੀਵਨ ਮਿਲ ਸਕਿਆ ਹੈ। ਮਰੀਜ਼ ਦਾ ਹਾਰਟ, ਲਿਵਰ, ਕਿਡਨੀ ਅਤੇ ਕਾਰਨੀਆ ਟਰਾਂਸਪਲਾਂਟ ਹੋਇਆ ਹੈ। ਡਾਇਰੈਕਟਰ ਪੀ. ਜੀ. ਆਈ. ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਮੁਸ਼ਕਿਲ ਸਮੇਂ ’ਚ ਪਰਿਵਾਰ ਨੇ ਇਕ ਵੱਡਾ ਫ਼ੈਸਲਾ ਲਿਆ ਹੈ ਪਰ ਇਹੋ ਜਿਹੇ ਪਰਿਵਾਰਾਂ ਕਾਰਨ ਹੀ ਲੋਕਾਂ ’ਚ ਆਰਗਨ ਡੋਨੇਸ਼ਨ ਪ੍ਰਤੀ ਜਾਗਰੂਕਤਾ ਆ ਰਹੀ ਹੈ। ਕਈ ਲੋਕਾਂ ਨੂੰ ਜਿਊਣ ਦਾ ਇਕ ਨਵਾਂ ਮੌਕਾ ਮਿਲਿਆ ਹੈ। ਪੀ. ਜੀ. ਆਈ. ਡਾਕਟਰਾਂ ਦੀ ਟੀਮ ਦਾ ਵੀ ਇਸ ’ਚ ਇਕ ਵੱਡਾ ਯੋਗਦਾਨ ਹੈ। ਬ੍ਰੇਨ ਡੈੱਥ ਸਰਟੀਫਿਕੇਸ਼ਨ ਕਮੇਟੀ, ਟਰਾਂਸਪਲਾਂਟ ਕੋ-ਆਰਡੀਨੇਟਰ, ਟੈਸਟਿੰਗ ਲੈਬਸ ਅਤੇ ਡਾਕਟਰਾਂ ਦੀ ਇਹ ਮਿਹਨਤ ਹੈ। ਆਰਗਨ ਕੱਢਣ ਤੋਂ ਲੈ ਕੇ ਉਸ ਨੂੰ ਲੋੜਵੰਦ ਮਰੀਜ਼ ਨੂੰ ਟਰਾਂਸਪਲਾਂਟ ਕਰਨਾ ਬੇਹੱਦ ਮੁਸ਼ਕਿਲ ਕੰਮ ਹੈ ਪਰ ਪੀ. ਜੀ. ਆਈ. ਸਰਜਨ ਇਸ ’ਚ ਇਕ ਵੱਡੀ ਭੂਮਿਕਾ ਅਦਾ ਕਰ ਰਹੇ ਹਨ। ਇਹ ਸਭ ਬੇਕਾਰ ਹੈ, ਜੇਕਰ ਪਰਿਵਾਰ ਅੱਗੇ ਆ ਕੇ ਆਰਗਨ ਡੋਨੇਸ਼ਨ ਲਈ ਹਾਂ ਨਾ ਕਰੇ।
ਟੂ ਵ੍ਹੀਲਰ ’ਤੇ ਰੋਡ ਸਾਈਡ ਐਕਸੀਡੈਂਟ ਦਾ ਸ਼ਿਕਾਰ ਹੋਇਆ ਸੀ
45 ਸਾਲਾ ਮਨਮੋਹਨ ਸਿੰਘ 7 ਨਵੰਬਰ ਨੂੰ ਟੂ ਵ੍ਹੀਲਰ ’ਤੇ ਰੋਡ ਸਾਈਡ ਐਕਸੀਡੈਂਟ ਦਾ ਸ਼ਿਕਾਰ ਹੋਇਆ। ਸਿਰ ’ਚ ਗੰਭੀਰ ਸੱਟ ਲੱਗਣ ਕਾਰਨ ਪਰਿਵਾਰ ਉਸ ਨੂੰ ਲੋਕਲ ਹਸਪਤਾਲ ਲੈ ਗਿਆ ਪਰ ਹਾਲਤ ’ਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਸਿਰ ’ਚ ਲੱਗੀ ਸੱਟ ਕਾਫ਼ੀ ਗੰਭੀਰ ਸੀ, ਅਜਿਹੇ ’ਚ ਮਰੀਜ਼ ਨੂੰ 9 ਨਵੰਬਰ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ ਸੀ। ਜਿਸ ਸਮੇਂ ਮਰੀਜ਼ ਨੂੰ ਪੀ. ਜੀ. ਆਈ. ਲਿਆਂਦਾ ਗਿਆ, ਉਸ ਸਮੇਂ ਉਸ ਦੀ ਹਾਲਤ ਕਾਫ਼ੀ ਖ਼ਰਾਬ ਸੀ। 12 ਤਾਰੀਖ਼ ਨੂੰ ਸਾਰੇ ਪ੍ਰੋਟੋਕਾਲ ਤਹਿਤ ਮਨਮੋਹਣ ਨੂੰ ਡਾਕਟਰਾਂ ਨੇ ਬ੍ਰੇਨ ਡੈੱਡ ਐਲਾਨ ਦਿੱਤਾ ਸੀ। ਟਰਾਂਸਪਲਾਂਟ ਕੋਆਰਡੀਨੇਟਰਾਂ ਨੇ ਮਰੀਜ਼ ਦੀ ਪਤਨੀ ਰਾਣੋ ਦੇਵੀ ਨੂੰ ਆਰਗਨ ਡੋਨੇਸ਼ਨ ਲਈ ਪਹੁੰਚ ਕੀਤੀ, ਜਿਨ੍ਹਾਂ ਨੇ ਆਪਣੇ ਪਤੀ ਦੀ ਮੌਤ ਨੂੰ ਵਿਅਰਥ ਨਹੀਂ ਜਾਣ ਦਿੱਤਾ, ਉਨ੍ਹਾਂ ਨੇ ਕਿਡਨੀ ਅਤੇ ਲਿਵਰ ਦੇ ਨਾਲ ਹੀ ਕਾਰਨੀਆ ਟਰਾਂਸਪਲਾਂਟ ਲਈ ਵੀ ਕਿਹਾ।
ਸੁਆਹ ’ਚ ਮਿਲਾਉਣ ਤੋਂ ਚੰਗਾ ਹੈ ਕਿਸੇ ਦੇ ਕੰਮ ਆ ਜਾਵੇ
ਅੰਗਦਾਨ ਸਬੰਧੀ ਰਾਣੋ ਦੇਵੀ ਨੇ ਕਿਹਾ ਕਿ ਇਹ ਅਜਿਹਾ ਸਮਾਂ ਹੈ, ਜਿਸ ਨੂੰ ਕੋਈ ਨਹੀਂ ਵੇਖਣਾ ਚਾਹੁੰਦਾ। ਅਸੀਂ ਅੰਗਦਾਨ ਲਈ ਹਾਂ ਇਸ ਲਈ ਕਿਹਾ ਕਿ ਕਿਸੇ ਨੂੰ ਦੂਜੀ ਜ਼ਿੰਦਗੀ ਮਿਲ ਸਕੇ, ਇਸ ਤੋਂ ਚੰਗਾ ਕੀ ਹੋ ਸਕਦਾ ਹੈ। ਅੰਗਾਂ ਨੂੰ ਸੁਆਹ ’ਚ ਮਿਲਾਉਣ ਤੋਂ ਬਿਹਤਰ ਹੈ ਕਿ ਉਹ ਕਿਸੇ ਦੇ ਕੰਮ ਆ ਜਾਣ। ਇਹੀ ਸੋਚ ਕੇ ਅਸੀਂ ਇਸ ਲਈ ਤਿਆਰ ਹੋਏ। ਪਰਿਵਾਰ ਦੀ ਸਹਿਮਤੀ ਤੋਂ ਬਾਅਦ ਮਰੀਜ਼ ਦਾ ਹਾਰਟ, ਲਿਵਰ, ਕਿਡਨੀ ਅਤੇ ਕਾਰਨੀਆ ਡੋਨੇਟ ਹੋਇਆ। ਪੀ. ਜੀ. ਆਈ. ’ਚ ਹਾਰਟ ਦਾ ਕੋਈ ਮੈਚਿੰਗ ਡੋਨਰ ਨਾ ਮਿਲਣ ਤੋਂ ਬਾਅਦ ਪੀ. ਜੀ. ਆਈ. ਰੋਟੋ ਨੇ ਨੈਸ਼ਨਲ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗਨਾਈਜੇਸ਼ਨ (ਨੋਟਾ) ਦਿੱਲੀ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਹਾਰਟ ਦਾ ਇਕ ਮੈਚਿੰਗ ਰਿਸੀਪੀਐਂਟ ਏਮਜ਼ ਦਿੱਲੀ ’ਚ ਮਿਲਿਆ। ਪੀ. ਜੀ. ਆਈ. ਤੋਂ ਇੰਟਨੈਸ਼ਨਲ ਏਅਰਪੋਰਟ ਤੱਕ ਗ੍ਰੀਨ ਕੌਰੀਡੋਰ ਬਣਾ ਕੇ ਹਾਰਟ ਨੂੰ ਦਿੱਲੀ ਤਕ ਪਹੁੰਚਾਇਆ ਗਿਆ।
25 ਮਿੰਟ ’ਚ ਪਹੁੰਚਾਇਆ ਹਾਰਟ
ਦੁਪਹਿਰ 3 ਵਜੇ ਭੇਜਿਆ ਗਿਆ ਹਾਰਟ 3.25 ਤੱਕ ਪਹੁੰਚ ਗਿਆ ਸੀ। ਰੋਟੋ ਦੇ ਨੋਡਲ ਅਫ਼ਸਰ ਡਾ. ਵਿਪਨ ਕੌਸ਼ਲ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮਾਮਲੇ ’ਚ ਸਮਾਂ ਬਹੁਤ ਘੱਟ ਹੁੰਦਾ ਹੈ। ਆਰਗਨ ਜਿੰਨਾ ਵੱਡਾ ਹੁੰਦਾ ਹੈ, ਉਸ ਦੇ ਖ਼ਰਾਬ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ। ਇਹ ਸਮੇਂ ਦੇ ਨਾਲ ਰੇਸ ਲਾਉਣ ਵਾਲੀ ਨੌਬਤ ਹੁੰਦੀ ਹੈ। ਇਸ ’ਚ ਪ੍ਰਸ਼ਾਸਨ ਅਤੇ ਪੁਲਸ ਦਾ ਵੱਡਾ ਸਹਿਯੋਗ ਰਿਹਾ।