ਨਵੀਂ ਦਿੱਲੀ – ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅੱਜ ਯਾਨੀ ਐਤਵਾਰ ਨੂੰ ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੀ। ਇਸ ਦੌਰਾਨ ਪ੍ਰਿਯੰਕਾ ਨੇ ਮਾਇਆਵਤੀ ਦੀ ਮਾਤਾ ਦੇ ਦਿਹਾਂਤ ’ਤੇ ਸੋਗ ਜ਼ਾਹਰ ਕਰਦੇ ਹੋਏ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ। ਮਾਇਆਵਤੀ ਨਾਲ ਉਨ੍ਹਾਂ ਦੇ ਘਰ ਗਈ ਵਾਡਰਾ ਨੇ ਕੁਝ ਦੇਰ ਤੱਕ ਬਸਪਾ ਮੁਖੀ ਨਾਲ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਟਵੀਟ ਕਰ ਕੇ ਉਨ੍ਹਾਂ ਨੇ ਮਾਇਆਵਤੀ ਦੀ ਮਾਂ ਦੇ ਦਿਹਾਂਤ ’ਤੇ ਸੋਗ ਵੀ ਜ਼ਾਹਰ ਕੀਤਾ। ਇਸ ਦੌਰਾਨ ਮਾਇਆਵਤੀ ਦੇ ਘਰ ਬਸਪਾ ਨੇਤਾ ਸਤੀਸ਼ ਚੰਦਰ ਮਿਸ਼ਰ ਵੀ ਮੌਜੂਦ ਸਨ।
ਦੱਸਣਯੋਗ ਹੈ ਕਿ 92 ਸਾਲਾ ਰਾਮਰਤੀ ਦੀ ਦਿੱਲੀ ਦੇ ਇਕ ਹਸਪਤਾਲ ’ਚ ਸ਼ਨੀਵਾਰ ਨੂੰ ਮੌਤ ਹੋ ਗਈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਬਸਪਾ ਮੁਖੀ ਮਾਂ ਦੇ ਦਿਹਾਂਤ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਦਿੱਲੀ ਲਈ ਰਵਾਨਾ ਹੋ ਗਈ ਸੀ। ਐਤਵਾਰ ਨੂੰ ਉੱਥੇ ਰਾਮਰਤੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਕਰੀਬ ਇਕ ਸਾਲ ਪਹਿਲਾਂ ਮਾਇਆਵਤੀ ਦੇ ਪਿਤਾ ਪ੍ਰਭੂ ਦਿਆਲ ਦਾ 95 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਸੀ।