ਨਵਜੋਤ ਕੌਰ ਸਿੱਧੂ ਦਾ ਕੈਪਟਨ ’ਤੇ ਸ਼ਬਦੀ ਹਮਲਾ, ਕਿਹਾ-ਮੇਰੇ ਪਤੀ ਕਦੀ ਵੀ ਪਿੱਠ ਦਿਖਾ ਕੇ ਪਾਰਟੀ ਨਹੀਂ ਛੱਡਦੇ

ਅੰਮ੍ਰਿਤਸਰ -ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਬੀਤੇ ’ਚ ਅਫ਼ਵਾਹ ਫੈਲਾਅ ਰਹੇ ਸਨ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ (ਆਪ) ’ਚ ਸ਼ਾਮਲ ਹੋ ਜਾਣਗੇ ਪਰ ਹੁਣ ਉਹ ਸਭ ਸਾਹਮਣੇ ਆ ਰਿਹਾ ਹੈ ਅਤੇ ਨਵਜੋਤ ਸਿੰਘ ਸਿੱਧੂ ਹੁਣ ਕਿੱਥੇ ਹਨ। ਇਸ ਤੋਂ ਲੋਕਾਂ ਨੂੰ ਸਭ ਸਾਫ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਕਦੀ ਵੀ ਪਿੱਠ ਦਿਖਾ ਕੇ ਤੇ ਝੂਠ ਬੋਲ ਕੇ ਨਹੀਂ ਜਾਂਦੇ ਬਲਕਿ ਜੇ ਉਨ੍ਹਾਂ ਨੇ ਦੂਸਰੀ ਪਾਰਟੀ ਜੁਆਇਨ ਕਰਨੀ ਹੁੰਦੀ ਤਾਂ ਅਸਤੀਫ਼ਾ ਦੇ ਕੇ ਦੂਸਰੀ ਪਾਰਟੀ ’ਚ ਸ਼ਾਮਲ ਹੁੰਦੇ ਹਨ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਮੈਂ ਪਟਿਆਲਾ ’ਚ ਸੀ ਤਾਂ ‘ਆਪ’ ਦੇ ਲੋਕ ਮੈਨੂੰ ਮਿਲਣ ਆਏ ਸਨ ਕਿ ਨਵਜੋਤ ਸਿੱਧੂ ਜਦੋਂ ‘ਆਪ’ ’ਚ ਸ਼ਾਮਲ ਹੋ ਜਾਣਗੇ ਤਾਂ ਅਸੀਂ ਵੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਜਾਵਾਂਗੇ। ਸੋਨੂੰ ਸੂਦ ਬਾਰੇ ਬੋਲਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਜੇ ਅਜਿਹੇ ਵਿਅਕਤੀ ਜੋ ਲੋਕਾਂ ਦੇ ਭਲੇ ਦੀ ਗੱਲ ਕਰਦੇ ਹਨ, ਜੇ ਉਹ ਕਾਂਗਰਸ ਪਾਰਟੀ ’ਚ ਸ਼ਾਮਲ ਹੁੰਦੇ ਹਨ ਤਾਂ ਕਾਂਗਰਸ ਪਾਰਟੀ ਲਈ ਬਹੁਤ ਹੀ ਵਧੀਆ ਹੋਵੇਗਾ। ਇਸ ਦੌਰਾਨ ‘ਆਪ’ ਵੱਲੋਂ ਪਾਰਟੀ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ’ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਇਸ ਪਾਰਟੀ ਨੂੰ ਡਰ ਹੈ ਕਿ ਜਿਹੜੇ ਵੀ ਉਮੀਦਵਾਰ ਐਲਾਨਣੇ ਹਨ ਕਿਤੇ ਭੱਜ ਨਾ ਜਾਣ, ਜਿਸ ਕਾਰਨ ਉਨ੍ਹਾਂ ਨੇ ਜਲਦਬਾਜ਼ੀ ’ਚ ਲਿਸਟ ਜਾਰੀ ਕਰ ਦਿੱਤੀ।
ਉਨ੍ਹਾਂ ਕਿਹਾ ਕਿ ‘ਆਪ’ ਦੇ ਕੁਝ ਹੋਰ ਉਮੀਦਵਾਰ ਕੁਝ ਦਿਨਾਂ ’ਚ ਪਾਰਟੀ ਛੱਡ ਜਾਣਗੇ। ਇਸ ਦੌਰਾਨ ਕੰਗਨਾ ਰਣੌਤ ਨੂੰ ਲੈ ਕੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ ਕਿ ਉਸ ਦਾ ਦਿਮਾਗੀ ਸੰਤੁਲਨ ਹੀ ਖ਼ਰਾਬ ਹੈ, ਜਿਸ ਕਾਰਨ ਉਹ ਅਜਿਹੀ ਬਿਆਨਬਾਜ਼ੀ ਕਰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਭਾਵੇਂ ਹੀ ਘੱਟ ਸਮਾਂ ਮਿਲਿਆ ਹੈ ਪਰ ਘੱਟ ਸਮੇਂ ’ਚ ਵੀ ਲੋਕਾਂ ਦੇ ਹੱਕ ਦੀ ਗੱਲ ਕਰ ਰਹੀ ਹੈ।