ਕੰਗਨਾ ਰਣੌਤ ਦੇ ਵਿਵਾਦਤ ਬਿਆਨਾਂ ਨੂੰ ਲੈ ਕੇ ਜਾਣੋ ਕੀ ਬੋਲੇ ਰਾਜਾ ਵੜਿੰਗ

ਗਿੱਦੜਬਾਹਾ : ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਕੰਗਨਾ ਰਣੌਤ ਵਲੋਂ ਦਿੱਤੇ ਜਾ ਰਹੇ ਵਿਵਾਦਤ ਬਿਆਨਾਂ ’ਤੇ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਵੜਿੰਗ ਨੇ ਆਖਿਆ ਹੈ ਕਿ ਕੰਗਨਾ ਕੋਲ ਦਿਮਾਗ ਹੀ ਨਹੀਂ ਹੈ, ਜਿਸ ਕਾਰਣ ਉਹ ਅਜਿਹੇ ਬਿਆਨ ਦੇ ਰਹੀ ਹੈ। ਰਾਜਾ ਵੜਿੰਗ ਗਿੱਦੜਬਾਹਾ ਦੇ ਪਿੰਡਾਂ ਦੇ ਦੌਰੇ ’ਤੇ ਨਿਕਲੇ ਹੋਏ ਸਨ। ਇਸ ਦੌਰਾਨ ਜਦੋਂ ਉਨ੍ਹਾਂ ਪਾਸੋਂ ਪੱਤਰਕਾਰਾਂ ਨੇ ਫਿਲਮ ਅਦਾਕਾਰਾ ਕੰਗਨਾ ਰਣੌਤ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕੰਗਨਾ ਦਿਮਾਗ ਤੋਂ ਖਾਲ੍ਹੀ ਹੈ ਅਤੇ ਜਿਹੜਾ ਦਿਮਾਗ ਤੋਂ ਖਾਲ੍ਹੀ ਹੋਵੇ ਉਸ ਬਾਰੇ ਨਹੀਂ ਬੋਲੀਦਾ।
ਉਨ੍ਹਾਂ ਡੀ. ਏ. ਪੀ. ਦੀ ਕਿੱਲਤ ਲਈ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ 2022 ਲਈ ਹੁਣੇ ਤੋਂ ਹੀ ਉਮੀਦਵਾਰ ਐਲਾਨੇ ਜਾਣ ਸਬੰਧੀ ਰਾਜਾ ਵੜਿੰਗ ਨੇ ਕਿਹਾ ਕਿ ਚੰਨੀ ਅਤੇ ਸਿੱਧੂ ਦੀ ਜੋੜੀ ਪੰਜਾਬ ਵਿਚ ਛਾਅ ਗਈ ਹੈ ਅਤੇ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਡਰ ਹੋ ਕਿ ਕਿਤੇ ਸਾਡੇ ਆਗੂ ਕਾਂਗਰਸ ਵਿਚ ਨਾ ਚਲੇ ਜਾਣ ਤਾਂ ਹੀ ਉਨ੍ਹਾਂ ਵਲੋਂ ਧੜਾਧੜ ਉਮੀਦਵਾਰ ਐਲਾਨੇ ਜਾ ਰਹੇ ਹਨ। ਉਨ੍ਹਾਂ ਸੁਖਬੀਰ ਸਿੰਘ ਬਾਦਲ ’ਤੇ ਤੰਜ ਕੱਸਦਿਆਂ ਕਿਹਾ ਕਿ ਜਿਨ੍ਹਾਂ ਨੇ ਕਦੇ ਹੱਥ ਨਾਲ ਕਾਗਜ਼ ਨਹੀਂ ਚੁਕਿਆ ਉਹ ਹੁਣ ਕੂੜਾ ਚੁੱਕਣ ਦਾ ਡਰਾਮਾ ਕਰਦੇ ਫਿਰਦੇ ਹਨ।