ਕੋਰੋਨਾ ਟੀਕੇ ਦੀ ‘ਬੂਸਟਰ ਡੋਜ਼’ ਦੇਣ ਦੀ ਜਲਦਬਾਜ਼ੀ ’ਚ ਨਹੀਂ ਹੈ ਸਰਕਾਰ

ਨਵੀਂ ਦਿੱਲੀ – ਦੇਸ਼ ’ਚ ਉੱਚਿਤ ਕੋਰੋਨਾ ਟੀਕਿਆਂ ਦੇ ਉਤਪਾਦਨ ਅਤੇ ਦੁਨੀਆ ਦੇ ਕਈ ਹਿੱਸਿਆਂ ਵਿਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਮੁੜ ਤੋਂ ਵਧਣ ਦਰਮਿਆਨ ਸਰਕਾਰ ਦੇਸ਼ ਵਿਚ ਟੀਕੇ ਦੀ ਤੀਜੀ ਖੁਰਾਕ ਜੋ ‘ਬੂਸਟਰ ਡੋਜ਼’ਵਜੋਂ ਜਾਣੀ ਜਾਂਦੀ ਹੈ, ਦੀ ਆਗਿਆ ਦੇਣ ਦੀ ਜਲਦਬਾਜ਼ੀ ਵਿਚ ਨਹੀਂ ਹੈ। ਇਸ ਤੋਂ ਪਹਿਲਾਂ ਸਰਕਾਰ 100 ਫੀਸਦੀ ਆਬਾਦੀ ਦਾ ਟੀਕਾਕਰਨ ’ਤੇ ਜ਼ੋਰ ਦੇ ਰਹੀ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਮਨਸੁੱਖ ਮਾਂਡਵੀਆ ਨੇ ਹੁਣੇ ਜਿਹੇ ਹੀ ਕੋਰੋਨਾ ਟੀਕਾਕਰਨ ਨਾਲ ਸੰਬੰਧਤ ਇਕ ਬੈਠਕ ਵਿਚ ਕਿਹਾ ਸੀ ਕਿ ਤੀਜੀ ਖੁਰਾਕ ਦੇਣ ਸੰਬੰਧੀ ਕੋਈ ਵੀ ਫ਼ੈਸਲਾ ਹਾਲਾਤ ਨੂੰ ਦੇਖਦਿਆਂ ਮਾਹਿਰਾਂ ਦੀ ਸਿਫ਼ਾਰਿਸ਼ ਦੇ ਆਧਾਰ ’ਤੇ ਲਿਆ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਸਾਡਾ ਉਦੇਸ਼ ਦੇਸ਼ ਦੀ ਪੂਰੀ ਆਬਾਦੀ ਨੂੰ ਕੋਰੋਨਾ ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਦੇਣੀ ਹੈ। ਤੀਜੀ ਖੁਰਾਕ ਦੇਣ ਸੰਬੰਧੀ ਕੋਈ ਸਿੱਧਾ ਫ਼ੈਸਲਾ ਨਹੀਂ ਕਰੇਗੀ। ਕੋਈ ਵੀ ਫ਼ੈਸਲਾ ਭਾਰਤੀ ਮੈਡੀਕਲ ਖੋਜ ਕੌਂਸਲ ਅਤੇ ਮਾਹਿਰਾਂ ਦੀਆਂ ਸਿਫ਼ਾਰਿਸ਼ਾਂ ਦੇ ਆਧਾਰ ’ਤੇ ਹੋਵੇਗਾ। ਦੇਸ਼ ਵਿਚ ਕੋਰੋਨਾ ਟੀਕਿਆਂ ਦਾ ਪੂਰਾ ਉਤਪਾਦਨ ਹੈ ਅਤੇ ਭਵਿੱਖ ’ਚ ਕਿਸੇ ਵੀ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ।