ਚੰਡੀਗੜ੍ਹ – ਭਾਰਤੀ ਉਦਯੋਗ ਸੰਘ (CII) ਵੱਲੋਂ ਆਯੋਜਿਤ ਸਮਾਗਮ ‘ਚ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦੇ ਹੋਏ ਕਾਂਗਰਸ ਸਰਕਾਰ ਨੂੰ ਲਪੇਟੇ ’ਚ ਲਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜ ਸਾਲ ’ਚ ਕੁਝ ਨਹੀਂ ਕੀਤਾ। ਇਨ੍ਹਾਂ ਨੇ ਲੋਕਾਂ ਦੀ ਸਹੂਲਤ ਲਈ ਨਾ ਕੋਈ ਸੜਕ ਬਣਾਈ ਅਤੇ ਨਾ ਹੀ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ। ਸੁਖਬੀਰ ਨੇ ਕਿਹਾ ਕਿ ਪੰਜਾਬ ’ਚ ਜਦੋਂ ਸਾਡੀ ਸਰਕਾਰ ਸੀ, ਅਸੀਂ ਉਦੋਂ ਸੜਕਾਂ ਬਣਾਈਆਂ। ਲੋਕਾਂ ਦੀਆਂ ਸਹੁਲਤਾਵਾਂ ਨੂੰ ਵੇਖਦੇ ਹੋਏ ਅਸੀਂ ਪੱਕੀਆਂ ਸੜਕਾਂ ਬਣਵਾਈਆਂ, ਜਿਸ ਸਦਕਾ ਲੋਕ ਅੰਮ੍ਰਿਤਸਰ, ਦਿੱਲੀ ਆਦਿ ਥਾਵਾਂ ’ਤੇ ਜਲਦੀ ਅਤੇ ਸੌਖੇ ਤਰੀਕੇ ਨਾਲ ਪਹੁੰਚ ਸਕਦੇ ਹਨ।
ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚੰਨੀ ਨੂੰ ਲਪੇਟੇ ’ਚ ਲੈਂਦੇ ਹੋਏ ਕਿਹਾ ਕਿ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਲਈ ਪੰਜਾਬ ਸਰਕਾਰ ਪੀ.ਪੀ.ਏ ਨੂੰ ਬੰਦ ਕਰਨ ਦੀ ਗੱਲ ਕਹਿ ਰਹੀ ਹੈ। ਜੇਕਰ ਪੰਜਾਬ ਸਰਕਾਰ ਇਸ ਨੂੰ ਬੰਦ ਦੇਵੇਗੀ ਤਾਂ ਫਿਰ ਉਹ ਬਿਜਲੀ ਕਿਥੋਂ ਲੈ ਕੇ ਆਉਣਗੇ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚੰਨੀ ਵਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਸਸਤੀ ਬਿਜਲੀ ਨੂੰ ਲੈ ਕੇ ਵੀ ਤੰਜ ਕੱਸਿਆ ਹੈ। ਸੁਖਬੀਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਸਸਤੀ ਬਿਜਲੀ ਦੇਣ ਦਾ ਜੋ ਐਲਾਨ ਕੀਤਾ ਕੀਤਾ ਹੈ, ਉਹ ਸਿਰਫ਼ 31 ਮਾਰਚ, 2022 ਤੱਕ ਲਾਗੂ ਹੈ। ਕਾਂਗਰਸ ਸਰਕਾਰ ਨੇ ਅਜਿਹਾ ਇਸ ਕਰਕੇ ਕੀਤਾ, ਕਿਉਂਕਿ ਉਸ ਦਾ ਖ਼ਰਚਾ ਆਉਣ ਵਾਲੀ ਸਰਕਾਰ ਦੇ ਸਿਰ ’ਤੇ ਪਵੇਗਾ।
ਮੁੱਖ ਮੰਤਰੀ ਚੰਨੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸੁਖਬੀਰ ਨੇ ਕਿਹਾ ਕਿ ਉਹ ਲੋਕ ਕਹਿੰਦੇ ਹਨ ਕਿ ਅਸੀਂ ਸੁਖਬੀਰ ਅਤੇ ਮਜੀਠੀਆ ਨੂੰ ਗ੍ਰਿਫ਼ਤਾਰ ਕਰਵਾ ਦਿਆਂਗੇ ਪਰ ਇਹ ਅਜਿਹਾ ਕਰਦੇ ਕਿਉਂ ਨਹੀਂ। ਮੁਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਹਰ ਵਾਰ ਸਾਡੇ ’ਤੇ ਕੋਈ ਨਾ ਕੋਈ ਦੋਸ਼ਲਗਾ ਕੇ ਸਾਨੂੰ ਗ੍ਰਿਫ਼ਤਾਰ ਕਰਵਾਉਣ ਦੀਆਂ ਗੱਲਾਂ ਕਰਦੇ ਹਨ ਪਰ ਇਨ੍ਹਾਂ ਤੋਂ ਕੁਝ ਨਹੀਂ ਹੋ ਸਕਦਾ। ਸੁਖਬੀਰ ਨੇ ਕਿਹਾ ਕਿ ਕਾਂਗਰਸ ਸਰਕਾਰ ਸਾਡੇ ’ਤੇ ਦੋਸ਼ ਲਗਾ ਰਹੀ ਹੈ ਕਿ ਅਸੀਂ ਬੇਅਦਬੀ ਕਰਵਾਈ ਹੈ। ਸੁਖਬੀਰ ਨੇ ਕਿਹਾ ਕਿ ਸਿਆਣੇ ਲੋਕ ਬੇਅਦਬੀ ਕਿਉਂ ਕਰਵਾਉਣਗੇ।
ਸੁਖਬੀਰ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਸੀ, ਉਦੋਂ ਅਸੀਂ ਕਦੇ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ। ਕਾਂਗਰਸ ਸਰਕਾਰ ਜਦੋਂ ਪਹਿਲਾਂ ਬਣੀ ਅਤੇ ਹੁਣ ਬਣੀ, ਇਕੋ ਗੱਲ ਕਹਿ ਰਹੀ ਹੈ ਕਿ ਖਜ਼ਾਨਾ ਖਾਲੀ ਹੈ। ਸੁਖਬੀਰ ਨੇ ਕਿਹਾ ਕਿ ਲੋਕ ਕਹਿੰਦੇ ਨੇ ਸਰਕਾਰ ਮਾੜੀ ਹੈ। ਜੇ ਸਰਕਾਰ ਮਾੜੀ ਹੈ ਤਾਂ ਬਣਾਈ ਵੀ ਇਨ੍ਹਾਂ ਲੋਕਾਂ ਨੇ ਹੀ ਹੈ। ਜੇਕਰ ਤੁਸੀਂ ਮਾੜੇ ਲੋਕਾਂ ਨੂੰ ਵੋਟ ਪਾਵੋਗੇ, ਤਾਂ ਅਜਿਹਾ ਹੀ ਹੋਵੇਗਾ।