51 ਸਾਲਾ ਤਬੂ ਦਾ ਫ਼ਿਲਮੀ ਸਫ਼ਰ ਅਤੇ ਨਿੱਜੀ ਜ਼ਿੰਦਗੀ ਬਾਰੇ ਕੁੱਝ ਖ਼ਾਸ ਗੱਲਾਂ

ਤਬੂ ਬਾਲੀਵੁੱਡ ਦੀਆਂ ਮਸ਼ਹੂਰ ਤੇ ਦਿੱਗਜ ਅਦਾਕਾਰਾਂ ‘ਚੋਂ ਇੱਕ ਹੈ। ਉਹ ਪਰਦੇ ‘ਤੇ ਆਪਣੀ ਵੱਖਰੀ ਅਦਾਕਾਰੀ ਅਤੇ ਆਪਣੇ ਕਿਰਦਾਰਾਂ ਲਈ ਜਾਣੀ ਜਾਂਦੀ ਹੈ। ਤਬੂ ਆਪਣੇ ਫ਼ਿਲਮੀ ਕਰੀਅਰ ‘ਚ ਹੁਣ ਤਕ ਵੱਖ-ਵੱਖ ਕਿਰਦਾਰਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ। ਤਬੂ ਦਾ ਜਨਮ 4 ਨਵੰਬਰ 1971 ਨੂੰ ਇੱਕ ਹੈਦਰਾਬਾਦੀ ਮੁਸਲਿਮ ਪਰਿਵਾਰ ‘ਚ ਹੋਇਆ ਸੀ। ਉਸ ਦਾ ਅਸਲੀ ਨਾਂ ਤਬੱਸੁਮ ਫ਼ਾਤਿਮਾ ਹਾਸ਼ਮੀ ਹੈ, ਪਰ ਫ਼ਿਲਮਾਂ ‘ਚ ਆਉਣ ਤੋਂ ਬਾਅਦ ਉਸ ਨੇ ਆਪਣਾ ਨਾਂ ਬਦਲ ਕੇ ਤਬੂ ਰੱਖ ਲਿਆ।
ਤਬੂ ਦੇ ਮਾਤਾ-ਪਿਤਾ ਪ੍ਰੋਫ਼ੈਸਰ ਸਨ। ਉਸ ਨੇ ਆਪਣੀ ਸਕੂਲੀ ਪੜ੍ਹਾਈ ਹੈਦਰਾਬਾਦ ਤੋਂ ਕੀਤੀ। ਉਸ ਤੋਂ ਬਾਅਦ ਉਹ ਕਾਲਜ ਦੀ ਪੜ੍ਹਾਈ ਲਈ ਮੁੰਬਈ ਆ ਗਈ। ਕਾਲਜ ਦੇ ਦੋ ਸਾਲਾਂ ਬਾਅਦ ਤਬੂ ਨੇ ਅਦਾਕਾਰੀ ਦੀ ਦੁਨੀਆਂ ‘ਚ ਆਉਣ ਦਾ ਫ਼ੈਸਲਾ ਕੀਤਾ। ਤਬੂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1980 ‘ਚ ਆਈ ਫ਼ਿਲਮ ਬਾਜ਼ਾਰ ਨਾਲ ਕੀਤੀ ਸੀ। ਇਸ ਫ਼ਿਲਮ ‘ਚ ਉਸ ਦੀ ਛੋਟੀ ਜਿਹੀ ਭੂਮਿਕਾ ਸੀ। ਉਸ ਤੋਂ ਬਾਅਦ ਉਹ ਫ਼ਿਲਮ ਹਮ ਨੌਜਵਾਨ ‘ਚ ਨਜ਼ਰ ਆਈ। ਇਸ ਫ਼ਿਲਮ ‘ਚ ਉਸ ਨੇ ਦੇਵ ਆਨੰਦ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ।
ਲੀਡ ਅਦਾਕਾਰਾ ਵਜੋਂ ਤਬੂ ਦੀ ਫ਼ਿਲਮ ਪ੍ਰੇਮ ਸੀ। ਇਹ ਫ਼ਿਲਮ ਸਾਲ 1995 ‘ਚ ਆਈ ਸੀ। ਇਸ ਫ਼ਿਲਮ ‘ਚ ਤਬੂ ਦੇ ਨਾਲ ਅਦਾਕਾਰ ਸੰਜੇ ਕਪੂਰ ਲੀਡ ‘ਚ ਸਨ ਪਰ ਇਸ ਫ਼ਿਲਮ ਨੂੰ ਬਣਾਉਣ ‘ਚ ਅੱਠ ਸਾਲ ਲੱਗ ਗਏ। ਇਸ ਕਾਰਨ ਉਨ੍ਹਾਂ ਦੀ ਪਹਿਲੀ ਬੌਲੀਵੁਡ ਫ਼ਿਲਮ ਪਹਿਲਾ ਪਹਿਲਾ ਪਿਆਰ ਬਣੀ ਜਿਸ ‘ਚ ਅਦਾਕਾਰ ਰਿਸ਼ੀ ਕਪੂਰ ਮੁੱਖ ਭੂਮਿਕਾ ‘ਚ ਸਨ। ਉਸ ਤੋਂ ਬਾਅਦ ਤਬੂ ਨੇ ਅਦਾਕਾਰੀ ਦੀ ਦੁਨੀਆ ‘ਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਤਬੂ ਹੁਣ ਤਕ ਜੀਤ, ਮੈਚ, ਵਿਰਾਸਤ, ਚਾਂਦਨੀ ਬਾਰ, ਚੀਨੀ ਕਮ, ਹੈਦਰ, ਦ੍ਰਿਸ਼ਅਮ, ਅੰਧਾਧੁਨ ਅਤੇ ਦੇ ਦੇ ਪਿਆਰ ਦੇ ਸਮੇਤ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ। ਤਬੂ ਸਕ੍ਰੀਨ ‘ਤੇ ਆਪਣੀ ਵੱਖਰੀ ਅਦਾਕਾਰੀ ਨੂੰ ਲੈ ਕੇ ਹਮੇਸ਼ਾ ਸੁਰਖ਼ੀਆਂ ‘ਚ ਰਹਿੰਦੀ ਹੈ। ਉਸ ਨੇ ਫ਼ਿਲਮਾਂ ‘ਚ ਜਿੰਨੀ ਚੰਗੀ ਹੀਰੋਇਨ ਦਾ ਕਿਰਦਾਰ ਨਿਭਾਇਆ ਹੈ, ਓਨੀ ਹੀ ਵਧੀਆ ਤਰੀਕੇ ਨਾਲ ਫ਼ਿਲਮਾਂ ‘ਚ ਨਾਕਾਰਾਤਮਕ ਕਿਰਦਾਰ ਵੀ ਨਿਭਾਏ ਹਨ। ਤਬੂ ਨੇ ਕਈ ਫ਼ਿਲਮਾਂ ‘ਚ ਖ਼ਲਨਾਇਕਾ ਦੀ ਭੂਮਿਕਾ ਵੀ ਨਿਭਾਈ ਹੈ।