ਫ਼ਿਟਨੈੱਸ ਦੇ ਪ੍ਰਤੀ ਜਨੂੰਨ ਨਾਲ ਲੰਬੇ ਸਮੇਂ ਤੋਂ ਕ੍ਰਿਕਟ ‘ਚ ਬਣਿਆ ਹੋਇਆ ਹਾਂ – ਸ਼ੋਏਬ ਮਲਿਕ

ਸ਼ਾਰਜਾਹ – ਸ਼ੋਏਬ ਮਲਿਕ 39 ਸਾਲ ਦਾ ਹੈ, ਪਰ ਅਜੇ ਵੀ ਮੈਦਾਨ ‘ਤੇ ਬਣਿਆ ਹੋਇਆ ਹੈ ਅਤੇ ਪਾਕਿਸਤਾਨ ਦੇ ਇਸ ਤਜਰਬੇਕਾਰ ਬੱਲੇਬਾਜ਼ ਨੇ ਕਿਹਾ ਕਿ ਫ਼ਿਟਨੈੱਸ ਦੇ ਪ੍ਰਤੀ ਜਨੂੰਨੀ ਬਣਨ ਨਾਲ ਉਸ ਦਾ ਕੌਮਾਂਤਰੀ ਕਰੀਅਰ ਇੰਨਾ ਲੰਬਾਂ ਖਿੱਚ ਸਕਿਆ ਹੈ। ਮਲਿਕ ਪਿਛਲੀ ਸਦੀ ਤੋਂ ਕੌਮਾਂਤਰੀ ਕ੍ਰਿਕਟ ਖੇਡ ਰਿਹਾ ਹੈ। ਉਸਦੀ ਟੀਮ ਦੇ ਕੁੱਝ ਸਾਥੀਆਂ ਦਾ ਓਦੋਂ ਜਨਮ ਵੀ ਨਹੀਂ ਸੀ ਹੋਇਆ, ਪਰ ਉਸ ਨੂੰ ਪਾਕਿਸਤਾਨ ਟੀਮ ਦੇ ਸਭ ਤੋਂ ਫ਼ਿੱਟ ਖਿਡਾਰੀਆਂ ‘ਚ ਜਾਣਿਆ ਜਾਂਦਾ ਹੈ ਤੇ ਉਹ ਆਪਣੇ ਦਮ ‘ਤੇ ਮੈਚ ਜਿੱਤਣ ਦੀ ਕਾਬਲੀਅਤ ਵੀ ਰੱਖਦਾ ਹੈ।
ਮਲਿਕ ਨੇ ICC T-20 ਵਿਸ਼ਵ ਕੱਪ ‘ਚ ਸਕੌਟਲੈਂਡ ਵਿਰੁੱਧ 18 ਗੇਂਦਾਂ ‘ਤੇ 54 ਦੌੜਾਂ ਬਣਾ ਕੇ ਫ਼ਿਰ ਤੋਂ ਆਪਣੀ ਕਲਾ ਦਿਖਾਈ, ਜਿਸ ਨਾਲ ਪਾਕਿਸਤਾਨ ਨੇ 72 ਦੌੜਾਂ ਨਾਲ ਜਿੱਤ ਦਰਜ ਕੀਤੀ। ਮਲਿਕ ਨੇ ਕਿਹਾ, ”ਇਮਾਨਦਾਰੀ ਨਾਲ ਕਹਾਂ ਤਾਂ ਜਦੋਂ ਮੈਂ ਸ਼ੀਸ਼ਾ ਦੇਖਦਾ ਹਾਂ ਤਾਂ ਮੇਰੇ ਅੰਦਰ ਖ਼ੁਦ ਨੂੰ ਫ਼ਿੱਟ ਰੱਖਣ ਦਾ ਜਨੂੰਨ ਪੈਦਾ ਹੁੰਦਾ ਹੋ ਜਾਂਦੈ ਅਤੇ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਮੈਂ ਅੱਜ ਵੀ ਕ੍ਰਿਕਟ ਦਾ ਮਜ਼ਾ ਲੈ ਰਿਹਾ ਹਾਂ। ਇਸ ਨਾਲ ਮਦਦ ਮਿਲ ਰਹੀ ਹੈ ਅਤੇ ਆਖਰ ‘ਚ ਟੀਮ ਨੂੰ ਵੀ ਇਸ ਨਾਲ ਫ਼ਾਇਦਾ ਮਿਲਦਾ ਹੈ।”ਉਸ ਨੇ ਕਿਹਾ, ”ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਫ਼ਿੱਟ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਰੋਜ਼ ਅਭਿਆਸ ਕਰਨਾ ਹੋਵੇਗਾ ਅਤੇ ਮੈਂ ਇਹੀ ਕਰ ਰਿਹਾ ਹਾਂ।”ਮਲਿਕ ਨੇ ਕਿਹਾ, ”ਮੈਂ ਪੱਕਾ ਨਹੀਂ ਕਹਿ ਸਕਦਾ ਕਿ ਮੈਂ ਇੱਕ ਸਾਲ ਜਾਂ ਦੋ ਸਾਲ ਹੋਰ ਖੇਡਾਂਗਾ। ਇਸ ਸਮੇਂ ਇੱਕ ਮਹੱਤਵਪੂਰਨ ਮੁਕਾਬਲਾ ਚੱਲ ਰਿਹਾ ਹੈ ਅਤੇ ਮੈਂ ਇਸ ਬਾਰੇ ਨਹੀਂ ਸੋਚ ਰਿਹਾ ਹਾਂ।”