ਦੁਬਈ – ਰਵੀ ਸ਼ਾਸਤਰੀ-ਵਿਰਾਟ ਕੋਹਲੀ ਦੀ ਜੋੜੀ ਨੇ ਭਾਰਤੀ ਕ੍ਰਿਕਟ ਟੀਮ ‘ਚ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ, ਅਤੇ ਲਗਭਗ ਸੱਤ ਸਾਲ ਤਕ ਚੱਲੀ ਇਸ ਜੋੜੀ ਦੀਆਂ ਪ੍ਰਮੁੱਖ ਉਪਲਬਧੀਆਂ ਇਸ ਪ੍ਰਕਾਰ ਹਨ:
ਬੌਰਡਰ ਗਾਵਸਕਰ ਟਰਾਫ਼ੀ ‘ਚ ਜਿੱਤ (2018-19): ਦੋਹਾਂ ਦੇ ਮਾਰਗਦਰਸ਼ਨ ‘ਚ ਭਾਰਤ ਨੇ ਟੈੱਸਟ ਸੀਰੀਜ਼ ‘ਚ ਆਸਟਰੇਲੀਆ ਨੂੰ ਉਸ ਦੀ ਧਰਤੀ ‘ਤੇ ਹਰਾਉਣ ਵਾਲੀ ਪਹਿਲੀ ਏਸ਼ੀਆਈ ਟੀਮ ਬਣ ਕੇ ਇਤਿਹਾਸ ਰਚ ਦਿੱਤਾ।
ਆਸਟਰੇਲੀਆ ‘ਚ ਲਗਾਤਾਰ ਦੂਜੀ ਸਫ਼ਲਤਾ (2021-21): ਕੋਹਲੀ ਹਾਲਾਂਕਿ ਪੂਰੇ ਦੌਰੇ ਦੇ ਲਈ ਉਪਲੱਬਧ ਨਹੀਂ ਸੀ, ਪਰ ਸ਼ਾਸਤਰੀ ਦੇ ਮਾਰਗਦਰਸ਼ਨ ‘ਚ ਕਪਤਾਨ ਅਜਿੰਕਯਾ ਰਹਾਣੇ ਦੀ ਅਗਵਾਈ ‘ਚ ਭਾਰਤ ਨੇ ਆਸਟਰੇਲੀਆ ਨੂੰ ਹਰਾ ਕੇ ਦੂਜੀ ਵਾਰ ਬੌਰਡਰ ਗਾਵਸਕਰ ਟਰਾਫ਼ੀ ਜਿੱਤੀ।
ਵਿਸ਼ਵ ਟੈੱਸਟ ਚੈਂਪੀਅਨਸ਼ਿਪ ਫ਼ਾਈਨਲ (2021): ਭਾਰਤ ਨੇ ਕੋਹਲੀ ਤੇ ਸ਼ਾਸਤਰੀ ਦੀ ਅਗਵਾਈ ‘ਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪਹਿਲੇ ਸੈਸ਼ਨ ਦੇ ਫ਼ਾਈਨਲ ‘ਚ ਜਗ੍ਹਾ ਬਣਾਈ। ਵਿਰਾਟ ਕੋਹਲੀ ਦੀ ਟੀਮ ਨੂੰ ਫ਼ਾਈਨਲ ‘ਚ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵਨ ਡੇ ਵਿਸ਼ਵ ਕੱਪ ਸੈਮੀਫ਼ਾਈਨਲ (2019): ਭਾਰਤ 2019 ICC ਵਿਸ਼ਵ ਕੱਪ ਦੇ ਗਰੁੱਪ ਗੇੜ ‘ਚ ਸਰਵਸ੍ਰੇਸ਼ਠ ਟੀਮ ਬਣ ਕੇ ਉਭਰੀ ਅਤੇ ਅੰਕ ਸੂਚੀ ‘ਚ ਚੋਟੀ ‘ਤੇ ਸੀ। ਸੈਮੀਫ਼ਾਈਨਲ ‘ਚ ਨਿਊ ਜ਼ੀਲੈਂਡ ਦੇ ਵਿਰੁੱਧ ਹਾਰ ਕੇ ਉਸ ਨੂੰ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ ਸੀ।
ਇੰਗਲੈਂਡ ਦੌਰਾ (2021): ਕੋਹਲੀ ਤੇ ਸ਼ਾਸਤਰੀ ਦੀ ਜੋੜੀ ਦੀ ਦੇਖਰੇਖ ‘ਚ ਭਾਰਤ ਨੇ ਇਸ ਸਾਲ ਇੰਗਲੈਂਡ ਦੇ ਵਿਰੁੱਧ ਪੰਜ ਟੈੱਸਟ ਮੈਚਾਂ ਦੀ ਸੀਰੀਜ਼ ‘ਚ 2-1 ਦੀ ਬੜ੍ਹਤ ਕਾਇਮ ਕੀਤੀ ਹੈ। ਭਾਰਤੀ ਦਲ ‘ਚ ਕੋਵਿਡ-19 ਦੇ ਕਾਰਨ ਹਾਲਾਂਕਿ ਆਖਰੀ ਟੈੱਸਟ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਸ਼ਾਸਤਰੀ ਦੀ ਦੇਖਰੇਖ ‘ਚ, ਭਾਰਤ ਨੇ ਦੱਖਣੀ ਅਫ਼ਰੀਕਾ, ਨਿਊ ਜ਼ੀਲੈਂਡ, ਇੰਗਲੈਂਡ ਅਤੇ ਆਸਟਰੇਲੀਆ ‘ਚ T-20 ਅੰਤਰਰਾਸ਼ਟਰੀ ਸੀਰੀਜ਼ ਜਿੱਤੀਆਂ। ਸ਼ਾਸਤਰੀ ਦੇ ਕੋਚ ਰਹਿੰਦੇ ਭਾਰਤ ਨੇ 2017 ‘ਚ ਸ਼੍ਰੀ ਲੰਕਾ ਦਾ 3-0 ਨਾਲ ਸਫ਼ਾਇਆ ਕੀਤਾ, ਅਤੇ ਭਾਰਤੀ ਟੀਮ ਨੇ ਪਹਿਲੀ ਵਾਰ ਇਹ ਕਾਰਨਾਮਾ ਕੀਤਾ ਸੀ।
ਭਾਰਤ ਨੇ ਪਹਿਲੀ ਵਾਰ ਕੈਰੇਬੀਆਈ ਧਰਤੀ ‘ਤੇ ਟੈੱਸਟ ਸੀਰੀਜ਼ ‘ਚ ਵੈੱਸਟ ਇੰਡੀਜ਼ ਨੂੰ ਕਲੀਨ ਸਵੀਪ ਕੀਤਾ। ਇਸ ਸਮੇਂ ਦੌਰਾਨ, ਭਾਰਤ ਦੇ ਤੇਜ਼ ਗੇਂਦਬਾਜ਼ ਵਿਭਾਗ ‘ਚ ਕਾਫ਼ੀ ਮਜ਼ਬੂਤੀ ਆਈ। ਕੋਚ ਸ਼ਾਸਤਰੀ ਤੇ ਕਪਤਾਨ ਵਿਰਾਟ ਕੋਹਲੀ ਦੀ ਦੇਖਰੇਖ ‘ਚ ਭਾਰਤੀ ਟੀਮ 2016 ਤੋਂ 2020 ਤਕ 42 ਮਹੀਨਿਆਂ ਦੇ ਲਈ ਟੈੱਸਟ ‘ਚ ਦੁਨੀਆਂ ਦੀ ਨੰਬਰ ਇੱਕ ਟੀਮ ਬਣੀ ਰਹੀ।